ਖਡੂਰ ਸਾਹਿਬ ਚੋਣਾਂ – ਮੈਦਾਨ ਖਾਲੀ ਪਰ ਅਕਾਲੀ ਡਰੇ
ਜਲੰਧਰ, 8 ਫਰਵਰੀ (ਪੰਜਾਬ ਮੇਲ)-ਹਲਕਾ ਖਡੂਰ ਸਾਹਿਬ ਦੀ ਹੋ ਰਹੀ ਉਪ ਚੋਣ ਦਾ ਸਿਆਸੀ ਮੈਦਾਨ ਲਗਭਗ ਖਾਲੀ ਪਿਆ ਹੋਣ ਦੇ ਬਾਵਜੂਦ ਅਕਾਲੀਆਂ ਦੇ ਮਨ ਅੰਦਰਲਾ ਡਰ ਨਹੀਂ ਜਾ ਰਿਹਾ। ਹਲਕੇ ਦੇ ਵੋਟਰਾਂ ਦੇ ਰੁਝਾਨ ਦਾ ਖੁੱਲ੍ਹ ਕੇ ਪਤਾ ਨਾ ਲੱਗਣ ਕਾਰਨ ਸੱਤਾਧਾਰੀ ਧਿਰ ਅਵੇਸਲੀ ਨਹੀਂ ਹੋਣਾ ਚਾਹੁੰਦੀ। ਦੋਆਬੇ ਦੇ ਇੱਕ ਮੰਤਰੀ ਨੇ ਆਪਣੇ ਹਲਕੇ ਦੇ ਵਰਕਰਾਂ ਨੂੰ ਸਨੇਹੇ ਲਾ ਕੇ ਉਥੇ ਸੱਦ ਲਿਆ ਹੈ ਅਤੇ ਜਿਨ੍ਹਾਂ ਪਿੰਡਾਂ ਵਿੱਚ ਮੰਤਰੀ ਦੀ ਡਿਊਟੀ ਲਾਈ ਗਈ ਹੈ ਉਨ੍ਹਾਂ ਪਿੰਡਾਂ ਵਿੱਚ ਇਕੱਲੇ-ਇਕੱਲੇ ਵੋਟਰ ਨਾਲ ਸਿੱਧਾ ਰਾਬਤਾ ਰੱਖਿਆ ਜਾ ਰਿਹਾ ਹੈ। ਹਲਕੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ’ਤੇ ਨਿਸ਼ਾਨ ਸਾਧਿਆ ਜਾ ਰਿਹਾ ਹੈ, ਜੋ ਕਿ ਚੋਣ ਮੈਦਾਨ ਵਿੱਚ ਵੀ ਨਹੀਂ ਹੈ। ਦੋਆਬੇ ਦੇ ਮੰਤਰੀ ਨਾਲ ਕਈ ਦਿਨ ਪਿੰਡਾਂ ਵਿੱਚ ਰਹਿਣ ਵਾਲੇ ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਜਿੱਤ ਯਕੀਨੀ ਹੋਣ ਦੇ ਬਾਵਜੂਦ ਵੀ ਲੀਡਰਸ਼ਿਪ ਡਰ ਮਹਿਸੂਸ ਕਰਨ ਲੱਗੀ ਹੈ ਕਿ ਜੇਕਰ ਵੋਟਰ ਦਾ ਮਨ ਬਦਲ ਗਿਆ ਤਾਂ ਸਥਿਤੀ ਕਸੂਤੀ ਬਣ ਜਾਣੀ ਹੈ। ਸੂਬੇ ਦੀਆਂ ਖੁਫ਼ੀਆਂ ਏਜੰਸੀਆਂ ਨੇ ਵੀ ਸਰਕਾਰ ਨੂੰ ਅਗਾਹ ਕੀਤਾ ਹੈ ਕਿ ਸੱਤਾਧਾਰੀ ਧਿਰ ਪ੍ਰਤੀ ਲੋਕਾਂ ਦਾ ਜੋ ਗੁੱਸਾ ਬਣਿਆ ਹੋਇਆ ਹੈ ਉਸ ਦਾ ਫਾਇਦਾ ਕਿਧਰੇ ਕਾਂਗਰਸ ਦਾ ਬਾਗੀ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨਾ ਲੈ ਜਾਵੇ।
ਇਨ੍ਹਾਂ ਹੀ ਅਕਾਲੀ ਵਰਕਰਾਂ ਦਾ ਕਹਿਣਾ ਹੈ ਲੋਕ ਕਾਂਗਰਸ ਦੇ ਬਾਈਕਾਟ ਬਾਰੇ ਦੱਬੀ ਜ਼ੁਬਾਨ ਨਾਲ ਹੁੰਗਾਰਾ ਭਰਦੇ ਹਨ। ‘ਆਪ’ ਦੇ ਇੱਕ ਹੋਰ ਬਾਗੀ ਉਮੀਦਵਾਰ ਸੁਮੇਲ ਸਿੰਘ ਸਿੱਧੂ ’ਤੇ ਜਿਸ ਤਰ੍ਹਾਂ ਨਾਲ ਮੈਦਾਨ ਵਿੱਚੋਂ ਹਟਣ ਦਾ ਦਬਾਅ ਪਿਆ ਸੀ ਉਹ ਅਸਲ ’ਚ ਅਕਾਲੀਆਂ ਦੇ ਅੰਦਰਲੇ ਡਰ ਦਾ ਹੀ ਪ੍ਰਗਟਾਵਾ ਦੱਸਿਆ ਜਾ ਰਿਹਾ ਹੈ।
ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ, ਵਿਦੇਸ਼ਾਂ ਵਿੱਚ ਅਕਾਲੀ ਮੰਤਰੀਆਂ ਨਾਲ ਪਰਵਾਸੀ ਪੰਜਾਬੀਆਂ ਵੱਲੋਂ ਕੀਤਾ ਗਿਆ ‘ਵਿਵਹਾਰ’ ਅਤੇ ਹਲਕੇ ਦੇ ਪਿੰਡਾਂ ਵਿੱਚ ਪੁਲੀਸ ਦਾ ਚੱਲਿਆ ਜਬਰ ਆਦਿ ਬਾਰੇ ਲੋਕ ਗੱਲਾਂ ਕਰਦੇ ਹਨ ਤਾਂ ਡਰ ਲੱਗਣਾ ਸੁਭਾਵਿਕ ਹੈ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਖਡੂਰ ਸਾਹਿਬ ਸੀਟ ਖਾਲੀ ਹੋਣ ਦੇ ਤੁਰੰਤ ਬਾਅਦ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਕੀਤੇ ਗਏ ਅਤੇ ਖਜ਼ਾਨੇ ਦਾ ਮੂੰਹ ਇਸ ਹਲਕੇ ਲਈ ਖੋਲ੍ਹ ਦਿੱਤਾ ਗਿਆ ਤੇ ਸਦਭਾਵਨਾ ਰੈਲੀ ਵੀ ਇਸ ਵਿਧਾਨ ਹਲਕੇ ਵਿੱਚ ਕੀਤੀ ਗਈ, ਇੱਕ ਤਰ੍ਹਾਂ ਨਾਲ ਡਰ ਦਾ ਹੀ ਪ੍ਰਗਟਾਵਾ ਕਿਹਾ ਜਾ ਸਕਦਾ ਹੈ।ਦੋਆਬੇ ਦੇ ਇੱਕ ਜ਼ਿਲ੍ਹਾ ਪ੍ਰਧਾਨ ਦੀ ਇਸ ਹਲਕੇ ਵਿੱਚ ਡਿਊਟੀ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਹਲਕੇ ਵਿੱਚੋਂ ਬਾਹਰ ਜਾਣ ’ਤੇ ਮੁਕੰਮਲ ਪਾਬੰਦੀ ਲੱਗੀ ਹੋਈ ਹੈ। ਜੇਕਰ ਹੰਗਾਮੀ ਹਾਲਾਤ ਵਿੱਚ ਹਲਕਾ ਛੱਡਣ ਦੀ ਨੌਬਤ ਆ ਵੀ ਜਾਂਦੀ ਹੈ ਤਾਂ ਇਸ ਦੀ ਬਾਕਾਇਦਾ ਆਗਿਆ ਲੈਣੀ ਪੈਂਦੀ ਹੈ ਅਤੇ ਠੋਸ ਕਾਰਨ ਮੰਨੇ ਜਾਣ ’ਤੇ ਹੀ ਹਲਕਾ ਛੱਡਣ ਦਿੱਤਾ ਜਾਂਦਾ ਹੈ। ਕਈ ਆਗੂਆਂ ’ਤੇ ਮੋਬਾਈਲ ਫੋਨਾਂ, ਵੱਟਸਐਪ ਤੇ ਹੋਰ ਸ਼ੋਸ਼ਲ ਮੀਡੀਆ ਰਾਹੀਂ ਵੀ ਨਜ਼ਰਾਂ ਰੱਖੀਆਂ ਜਾ ਰਹੀਆਂ ਹਨ।