11 ਸਾਲਾ ਬੱਚੇ ਨੇ 43 ਦਿਨ ਕੀਤਾ ਤਾਲਿਬਾਨਾਂ ਦਾ ਮੁਕਾਬਲਾ
ਕਾਬੁਲ, 7 ਫਰਵਰੀ (ਪੰਜਾਬ ਮੇਲ)- 11 ਸਾਲ ਦੇ ਇੱਕ ਅਫਗਾਨਿਸਤਾਨੀ ਲੜਕੇ ਦੀ ਬਹਾਦਰੀ ਦੀ ਗਾਥਾ ਦੁਨੀਆ ਵਿੱਚ ਚਰਚਿਤ ਹੈ। ਤਾਲਿਬਾਨੀ ਅੱਤਵਾਦੀਆਂ ਨੇ ਇਸ ਲੜਕੇ ਦੀ ਇਸ ਹਫਤੇ ਹੱਤਿਆ ਕਰ ਦਿੱਤੀ ਹੈ।
ਵਾਸਿਲ ਅਹਿਮਦ ਨੇ ਪੁਲਸ ਯੂਨਿਟ ਦੀ 43 ਦਿਨਾਂ ਲਈ ਕਮਾਂਡ ਕੀਤੀ ਸੀ। ਤਾਲਿਬਾਨ ਅੱਤਵਾਦੀਆਂ ਨੇ 71 ਦਿਨ ਤੱਕ ਇਸ ਇਲਾਕੇ ਵਿੱਚ ਕਬਜ਼ਾ ਕਰੀ ਰੱਖਿਆ ਸੀ। ਪਿਛਲੇ ਸਾਲ ਤਾਲਿਬਾਨ ਨੂੰ ਇਸ ਮੁਕਾਬਲੇ ਦੌਰਾਨ ਪਿੱਛੇ ਹਟਣਾ ਪਿਆ ਸੀ। ਇਹ ਜਾਣਕਾਰੀ ਅਫਗਾਨ ਵਿੱਚ ਖਾਸ ਉਜਰਗਨ ਸੂਬੇ ਦੇ ਲੋਕਲ ਪੁਲਸ ਕਮਾਂਡਰ ਅਤੇ ਵਾਸਿਲ ਦੇ ਚਾਚਾ ਮੁੱਲਾ ਸਮਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੋਟਰ ਬਾਈਕ ‘ਤੇ ਸਵਾਰ ਬੰਦੂਕਧਾਰੀਆਂ ਨੇ ਸੋਮਵਾਰ ਨੂੰ ਤਰਾਇਨ ਕੋਰਟ ਬਾਜ਼ਾਰ ਵਿੱਚ ਵਾਸਿਲ ਅਹਿਮਦ ਦੇ ਸਿਰ ਵਿੱਚ ਗੋਲੀਆਂ ਮਾਰੀਆਂ। ਇਸ ਮਗਰੋਂ ਵਾਸਿਲ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੋਂ ਉਸ ਨੂੰ ਵਧੀਆ ਇਲਾਜ ਲਈ ਕੰਧਾਰ ਸ਼ਿਫਟ ਕੀਤਾ ਗਿਆ। ਇਥੇ ਇਸ ਲੜਕੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤਾਲਿਬਾਨ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਲੜਕੇ ਦੇ ਚਾਚੇ ਨੇ ਦੱਸਿਆ ਕਿ ਘੱਟ ਉਮਰ ਦੇ ਬਾਵਜੂਦ ਵਾਸਿਲ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਵਾਸਿਲ ਦੇ ਪਿਤਾ ਦੀ ਮੌਤ ਵੀ ਤਾਲਿਬਾਨ ਨਾਲ ਮੁਕਾਬਲੇ ਵਿੱਚ ਹੋਈ ਸੀ। ਉਸ ਦੇ ਕਹਿਣ ਉੱਤੇ ਮੈਂ ਉਸ ਨੂੰ ਏ ਕੇ 47 ਪੀ ਕੇ ਮਸ਼ੀਨਗੰਨ, ਰਾਕੇਟਸ ਅਤੇ ਮੋਰਟਾਰ ਦੀ ਟਰੇਨਿੰਗ ਦਿੱਤੀ। ਕੁਝ ਹੀ ਦਿਨਾਂ ਬਾਅਦ ਉਹ ਇੱਕ ਖਤਰਨਾਕ ਲੜਾਕੂ ਬਣ ਗਿਆ। ਪਿਛਲੀਆਂ ਗਰਮੀਆਂ ਵਿੱਚ ਜੋ ਇਲਾਕਾ ਉਸ ਦੇ ਚਾਚੇ ਦੇ ਕਬਜ਼ੇ ਦਾ ਸੀ, ਉਸ ਨੂੰ ਤਾਲਿਬਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਝੜੱਪ ਵਿੱਚ ਸਮਦ ਅਤੇ ਉਸ ਦੇ ਕਈ ਵਿਅਕਤੀ ਜ਼ਖਮੀ ਹੋ ਗਏ। ਸਮਦ ਨੇ ਕਿਹਾ, ਉਸੇ ਦੌਰਾਨ ਵਾਸਿਲ ਨੇ ਮੇਰੇ ਲੋਕਾਂ ਨੂੰ ਕਮਾਂਡ ਕਰਨ ਦੀ ਪੇਸ਼ਕਸ਼ ਕੀਤੀ, ਫਿਰ ਵਾਸਿਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਉਸ ਨੇ ਛੱਤ ਉੱਤੇ ਜਾ ਕੇ ਮੋਰਚਾ ਸੰਭਾਲ ਲਿਆ। ਉਹ ਸਵੇਰ ਤੋਂ ਰਾਤ ਤੱਕ ਤਾਲਿਬਾਨ ‘ਤੇ ਗੋਲੀਆਂ ਚਲਾਉਂਦਾ ਰਿਹਾ। ਇਨ੍ਹੀਂ ਦਿਨੀਂ ਉਸ ਨੇ 3000 ਗੋਲੀਆਂ ਦਾਗੀਆਂ। ਵਾਸਿਲ ਨੇ ਕਈ ਤਾਲਿਬਾਨ ਨੂੰ ਮਾਰ ਦਿੱਤਾ ਸੀ। ਸਮਦ ਨੇ ਕਿਹਾ ਕਿ ਉਸ ਨੇ ਮੇਰੇ ਲੋਕਾਂ ਦੀ 43 ਦਿਨ ਕਮਾਂਡ ਕੀਤੀ ਤੇ ਤਾਲਿਬਾਨ ਨੂੰ ਭਜਾਉਣ ਤੱਕ ਮੋਰਚਾ ਸੰਭਾਲੀ ਰੱਖਿਆ। ਵਾਸਿਲ ਨੇ ਪੂਰੇ ਇਲਾਕੇ ਨੂੰ ਤਾਲਿਬਾਨੀਆਂ ਦੇ ਕਬਜ਼ੇ ਤੋਂ ਖਾਲੀ ਕਰਵਾਇਆ।