ਨੇਪਾਲ ”ਚ ਭੂਚਾਲ ਦੇ ਤੇਜ਼ ਝਟਕੇ
ਕਾਠਮੰਡੂ, 5 ਫਰਵਰੀ (ਪੰਜਾਬ ਮੇਲ)- ਨੇਪਾਲ ਦਾ ਰਾਜਧਾਨੀ ਕਾਠਮੰਡੂ ‘ਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 10-15 ਸੈਕਿੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ ਦੇ ਸਮਸਤੀਪੁਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਰਾਤ 10-5 ਵਜੇ ਕੜਾਕੇ ਦੀ ਠੰਡ ਦਰਮਿਆਨ ਜਦੋਂ ਲੋਕ ਆਪਣੇ ਘਰਾਂ ‘ਚ ਆਰਾਮ ਕਰ ਰਹੇ ਸਨ ਤਾਂ ਭੂਚਾਲ ਦੇ ਝਟਕਿਆਂ ਨੇ ਕਾਠਮੰਡੂ ਨੂੰ ਹਿਲਾ ਦਿੱਤਾ। ਬਿਹਾਰ ‘ਚ ਸਮਸਤੀਪੁਰ ਤੋਂ ਇਲਾਵਾ ਮੁਜ਼ਫਰਪੁਰ, ਸੀਤਾਮੜੀ, ਦਰਭੰਗਾ, ਬੇਤੀਆ ਅਤੇ ਰਕਸੌਲ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਬੀਤੇ ਸਾਲ ਅਪ੍ਰੈਲ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਪਹਿਲਾਂ ਤੋਂ ਹੀ ਦਹਿਸ਼ਤ ‘ਚ ਹੈ। ਅਜਿਹੇ ‘ਚ ਜਦੋਂ ਸ਼ੁੱਕਰਵਾਰ ਨੂੰ ਝਟਕੇ ਮਹਿਸੂਸ ਹੋਏ ਤਾਂ ਲੋਕ ਘਰਾਂ ‘ਚੋਂ ਬਾਹਰ ਸੜਕਾਂ ‘ਤੇ ਆ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਲੋਕ ਡਰੇ ਹੋਏ ਹਨ। ਜ਼ਿਕਰਯੋਗ ਹੈ ਕਿ 25 ਅਪ੍ਰੈਲ 2015 ਨੂੰ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਨੇਪਾਲ ਦੇ ਜਨਜੀਵਨ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਤੋਂ ਬਾਅਦ ਨੇਪਾਲ ਦੀ ਧਰਤੀ ਸੈਂਕੜੇ ਵਾਰ ਭੂਚਾਲ ਦੇ ਝਟਕੇ ਸਹਿਣ ਕਰ ਚੁਕੀ ਹੈ। 2015 ‘ਚ ਆਏ ਭੂਚਾਲ ਕਾਰਨ 7500 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਸਨ।