ਚੂਹਿਆਂ ਦੀ ਘੜਮੱਸ ਕਾਰਨ ਗੁਰੂ ਘਰ ਵਿੱਚ ਪੰਜ ਦਿਨਾਂ ਲਈ ਲੰਗਰ ਬੰਦ
ਬਰਮਿੰਘਮ, 1 ਫਰਵਰੀ (ਪੰਜਾਬ ਮੇਲ) – ਇੰਗਲੈਂਡ ਦੇ ਹੈਂਡਜ਼ਵਰਥ ਵੁੱਡ ‘ਚ ਪੈਂਦੇ ਸਿੰਘ ਸਭਾ ਗੁਰਦੁਆਰੇ ‘ਤੇ ਚੂਹਿਆਂ ਨੇ ਹਮਲਾ ਕਰ ਦਿੱਤਾ ਹੈ। ਮਾਮਲਾ ਏਨਾ ਗੰਭੀਰ ਹੈ ਕਿ ਗੁਰਦੁਆਰੇ ਦੇ ਲੰਗਰ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਸਮਰਸੈਂਟ ਰੋਡ ‘ਤੇ ਪੈਂਦੇ ਇਸ ਗੁਰਦੁਆਰੇ ਵਿੱਚ 22 ਜਨਵਰੀ ਨੂੰ ਵਾਤਾਵਰਣ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਛਾਪਾ ਮਾਰ ਕੇ ਜਾਂਚ ਕੀਤੀ ਸੀ।
ਜਦੋਂ ਇਸ ਗੁਰੂ ਘਰ ਉੱਤੇ ਸਿਹਤ ਵਿਭਾਗ ਦਾ ਛਾਪਾ ਪਿਆ ਤਾਂ ਜਾਂਚ ਵਿੱਚ ਪਾਇਆ ਗਿਆ ਕਿ ਗੁਰਦੁਆਰੇ ਦੇ ਦੋ ਲੰਗਰ ਘਰਾਂ ਵਿੱਚੋਂ ਇੱਕ ਲੰਗਰ ਘਰ ਅਤੇ ਸਟਾਕ ਰੂਮ ਵਿੱਚ ਚੂਹਿਆਂ ਦਾ ਗੰਦ ਪਿਆ ਸੀ ਅਤੇ ਸਾਫ ਸਫਾਈ ਦਾ ਮਾੜਾ ਹਾਲ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਚੌਕਸੀ ਵਜੋਂ ਲੰਗਰ ਘਰ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ। 27 ਜਨਵਰੀ ਨੂੰ ਲੰਗਰ ਘਰ ਨੂੰ ਮੁੜ ਤੋਂ ਖੋਲ੍ਹ ਕੇ ਜਾਂਚ ਕੀਤੀ ਗਈ ਸੀ। ਬਰਮਿੰਘਮ ਸਿਟੀ ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਗੁਰਦੁਆਰੇ ਵਿੱਚ ਰੋਜ਼ ਲੰਗਰ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਸਿੱਖਾਂ ਤੋਂ ਇਲਾਵਾ ਹੋਰ ਧਰਮਾਂ ਦੇ ਲੋਕ ਵੀ ਛਕਦੇ ਹਨ। ਸ਼ੁੱਕਰਵਾਰ ਨੂੰ ਸਾਫ ਸਪਾਈ ਐਮਰਜੈਂਸੀ ਰੋਕੂ ਨੋਟਿਸ ਨੂੰ ਬਰਮਿੰਘਮ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਲੰਗਰ ਘਰ ਦੇ ਇੱਕ ਹਿੱਸੇ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ।