ਅਰਬ ਸਾਗਰ ਦੇ ਕੰਢੇ ਪਿਕਨਿਕ ਮਨਾਉਣ ਗਏ 14 ਵਿਦਿਆਰਥੀ ਡੁੱਬੇ
ਮੁੰਬਈ, 1 ਫਰਵਰੀ (ਪੰਜਾਬ ਮੇਲ) – ਅਰਬ ਸਾਗਰ ਦੇ ਕੰਢੇ ’ਤੇ ਪਿਕਨਿਕ ਮਨਾਉਣ ਗਏ ਪੁਣੇ ਕਾਲਜ ਦੇ 14 ਵਿਦਿਆਰਥੀ ਉਸ ਸਮੇਂ ਡੁੱਬ ਗਏ ਜਦੋਂ ਉਹ ਤਾਰੀਆਂ ਲਾਉਣ ਲਈ ਪਾਣੀ ’ਚ ਉਤਰ ਗਏ। ਰਾਏਗਡ਼੍ਹ ਜ਼ਿਲ੍ਹੇ ਨੇਡ਼ੇ ਮੁਰੁਡ-ਜੰਜੀਰਾ ਬੀਚ ’ਤੇ ਇਹ ਹਾਦਸਾ ਵਾਪਰਿਆ। ਕੁਲ 18 ਵਿਦਿਆਰਥੀ ਤੈਰਨ ਲਈ ਪਾਣੀਆਂ ’ਚ ਉਤਰੇ ਸਨ ਅਤੇ ਇਨ੍ਹਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਸੀ। ਸਾਹਿਲੀ ਰਖਿਅਕਾਂ ਦੇ ਤਰਜਮਾਨ ਮੁਤਾਬਕ 14 ਲਾਸ਼ਾਂ ਮਿਲ ਗਈਆਂ ਹਨ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲ ਸੈਨਾ ਅਤੇ ਸਾਹਿਲੀ ਰਖਿਅਕ ਉਨ੍ਹਾਂ ਦੀ ਭਾਲ ’ਚ ਜੁਟੇ ਹੋਏ ਹਨ। ਪੁਣੇ ਦੇ ੲਿਨਾਮਦਾਰ ਕਾਲਜ ਦੇ 126 ਵਿਦਿਆਰਥੀ ਮੁਰੁਡ ’ਚ ਪਿਕਨਿਕ ਲਈ ਗਏ ਸਨ। ਕਾਲਜ ਦੇ ਟਰੱਸਟੀ ਪੀ ਏ ਇਨਾਮਦਾਰ ਨੇ ਦੋਸ਼ ਲਾਇਆ ਕਿ ਬੀਚ ’ਤੇ ਕੋਈ ਵੀ ਲਾਈਫ ਗਾਰਡ ਨਹੀਂ ਸੀ।ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਵੇਲੇ ਵਾਪਰਿਆ। ਮ੍ਰਿਤਕਾਂ ’ਚ ਤਿੰਨ ਵਿਦਿਆਰਥਣਾਂ ਸ਼ਾਮਲ ਹਨ। ਕਾਲਜ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਅਧਿਆਪਕਾਂ ਸਮੇਤ ਅਮਲੇ ਦੇ 10 ਮੈਂਬਰ ਗਏ ਸਨ। ਸਾਹਿਲੀ ਰਖਿਅਕਾਂ ਦੇ ਤਰਜਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਮੁੰਦਰ ’ਚ 15 ਤੋਂ 18 ਵਿਦਿਆਰਥੀਆਂ ਦੇ ਡੁੱਬਣ ਦੀ ਸ਼ਾਮ ਚਾਰ ਕੁ ਵਜੇ ਸੂਚਨਾ ਮਿਲੀ ਸੀ। ਸਾਹਿਲੀ ਰਖਿਅਕਾਂ ਦਾ ਜਹਾਜ਼ ਆਈਸੀ 117 ਤੁਰੰਤ ਹਰਕਤ ’ਚ ਅਾ ਗਿਆ ਜਦਕਿ ਮੱਛੀਆਂ ਫਡ਼ਨ ਵਾਲੀਆਂ ਦੋ ਕਿਸ਼ਤੀਆਂ ਵੀ ਖੋਜ ਅਤੇ ਰਾਹਤ ਕਾਰਜਾਂ ਲਈ ਤਾਇਨਾਤ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਸ਼ਾਮ 6 ਵਜੇ ਤੋਂ ਬਾਅਦ ਹੈਲੀਕਾਪਟਰ ਨੇ ਵੀ ਉਡਾਣਾਂ ਭਰੀਆਂ ਅਤੇ ਸਮੁੰਦਰੀ ਬੇਡ਼ੇ ‘ਅਚੂਕ’ ਦੀ ਵੀ ਰਾਹਤ ਕੰਮਾਂ ’ਚ ਸਹਾਇਤਾ ਲਈ ਗਈ। ਉਨ੍ਹਾਂ ਕਿਹਾ ਕਿ ਛੇ ਵਿਦਿਆਰਥੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।