ਥੋੜਾ ਜਿਹਾ ਧਿਆਨ, ਰੱਬੀ ਗਿਆਨ
ਕੁਝ ਸੰਤੋਖੀ ਵਿਅਕਤੀਆਂ ਨੂੰ ਛੱਡ ਕੇ ਆਮ ਮਨੁੱਖ ਇਛਾ ਕਰਦੇ ਹਨ ਕਿ ਜ਼ੋਰ ਥੋੜਾ ਲਗੇ ਤੇ ਰੰਗ ਜ਼ਿਆਦਾ ਆਵੇ, ਇਹ ਮਨੁੱਖੀ ਕਮਜ਼ੋਰੀ ਹੈ। ਦੂਸਰੀ ਕਮਜ਼ੋਰੀ ਇਹ ਹੈ ਕਿ ਜੋ ਚੀਜ਼ ਮਨ ਨੂੰ ਚੰਗੀ ਲਗੇ ਉਸਨੂੰ ਤੁਰੰਤ ਗ੍ਰਹਿਣ ਕਨਾ ਚਾਹੁੰਦਾ ਹੈ। ਇਸ ਨੂੰ ਅਸੀਂ ਮੋਹ ਦੀ ਜਕੜ ਜਾਂ ਲਾਲਚ ਵੀ ਕਹਿ ਸਕਦੇ ਹਾਂ। ਹਾਲਾਂ ਕਿ ਮੋਹ ਅਤੇ ਲੋਭ ਦੋਨੋ ਹੀ ਸਾਡੀ ਤਰੱਕੀ ਲਈ ਜ਼ਰੂਰੀ ਹਨ ਬਸ਼ਰਤੇ ਕਿ ਇਹ ਠੀਕ ਢੰਗ ਅਤੇ ਕਿਸੇ ਮਰਿਆਦਾ ਜਾਂ ਬੰਦਸ਼ ਵਿੱਚ ਰਹਿ ਕੇ ਕੀਤੇ ਜਾਣ। ਇਹ ਦੋ ਤਾਕਤਾਂ (ਲੋਭ ਅਤੇ ਮੋਹ) ਹੀ ਹਿਨ ਜਿਸ ਕਰਕੇ ਮਾਤਾ ਪਿਤਾ ਕਰੜੀ ਮਿਹਨਤ ਅਤੇ ਮੁਸ਼ੱਕਤ ਕਰਕੇ ਬੱਚਿਆਂ ਦਾ ਪਾਲਣ ਪੋਸਣ ਕਰਦੇ ਹਨ।ਮੋਹ ਕਰਕੇ ਹੀ ਅਸੀਂ ਸਮਾਜ ਨਾਲ ਜੁੜੇ ਹੋਏ ਹਾਂ।
ਅਧਿਆਤਮਕ ਸਫ਼ਰ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਸ਼ਰਧਾਲੂ ਆਪਣੇ ਇਸ਼ਟ ਦੀ ਪ੍ਰਾਪਤੀ ਲਈ ਹਮੇਸ਼ਾਂ ਉਸਨੂੰ ਆਪਣੀ ਸੁਰਤੀ ਵਿੱਚ ਰਖਦਾ ਹੈ। ਇਹ ਉਸਦੀ ਭੁਖ ਹੈ ਜੋ ਕਦੀ ਵੀ ਨਹੀਂ ਮੁਕਦੀ। ਇਸ ਅਵੱਸਥਾ ਨੂੰ ਸਮਝਣ ਲਈ ਆਓ ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਗਾਇਨ ਕਰੀਏ:
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥
ਇਹ ਬੜੀ ਉਚੀ ਅਤੇ ਬਖਸ਼ਿਸ਼ ਵਾਲੀ ਅਵੱਸਥਾ ਹੈ ਜਦ ਕਿਸੇ ਦੀ ਸੁਰਤੀ ਇਸ ਮੁਕਾਮ ਤੇ ਪਹੁੰਚ ਜਾਵੇ। ਇਥੇ ਤਕ ਅਪੜਨ ਲਈ ਅਚੁਕ ਮਿਹਨਤ ਅਤੇ ਸਿਖਣ ਦੀ ਲੋੜ ਹੈ।
ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੇ ਅਸੀਂ ਸਮਝੀਏ ਕਿ ਮਿਹਨਤ ਕਰਕੇ ਇਥੇ ਤਕ ਪਹੁੰਚ ਜਾਂਵਾਂਗੇ ਤਾਂ ਇਹ ਬਿਲਕੁਲ ਠੀਕ ਨਹੀਂ ਹੋਵੇਗਾ। ਅਧਿਆਪਕ (ਗੁਰੂੁ) ਤੋਂ ਬਗੈਰ ਕੌਣ ਪ੍ਰਾਪਤ ਕਰ ਸਕਦਾ ਹੈ। ਇਸ ਲਈ ਗੁਰਬਾਣੀ ਸਾਨੂੰ ਅਗਵਾਈ ਦਿੰਦੀ ਹੈ ਜਿਸ ਤੋਂ ਸਾਨੂੰ ਅਧਿਆਤਮਿਕ ਮਾਰਗ ਦੀ ਸੋਝੀ ਪੈ ਜਾਵੇ ਅਤੇ ਅਸੀਂ ਵੀ ਪ੍ਰਮਾਤਮਾਂ ਨਾਲ ਇਕ-ਮੁਕ ਹੋ ਸਕੀਏ। ਗੁਰੁ ਨਾਨਕ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਹਨ:
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥6॥(ਆਸਾ ਕੀ ਵਾਰ)
ਇਕ ਗਲ ਹੋਰ ਯਾਦ ਰੱਖਣ ਵਾਲੀ ਹੈ ਜੋ ਜ਼ਿੰਦਗੀ ਦੇ ਹਰ ਖੇਤਰ ਵਿੱਚ ਕੰਮ ਆਉਂਦੀ ਹੈ ਕਿ ਔਖਾ ਕੰਮ ਵੀ ਆਸਾਨ ਹੋ ਜਾਂਦਾ ਹੈ ਜੇਕਰ ਅਸੀਂ ਐਸੇ ਵਿਅਕਤੀ ਜਾਂ ਸ਼ਕਤੀ ਕੋਲੋਂ ਅਗਵਾਈ ਲਈਏ ਜਿਸਨੂੰ ਉਸ ਕੰਮ ਦਾ ਤਜਰਬਾ ਹੈ ਜਾਂ ਅਤੇ ਉਹ ਉਸ ਅਵੱਸਥਾ ਤੇ ਪੁਜਿਆ ਹੋਇਆ ਹੈ। ਉਹ ਵਿਅਕਤੀ ਜਾਂ ਸ਼ਕਤੀ ਆਪਣੇ ਪੈਰੋਕਾਰਾਂ ਲਈ ਚਾਨਣ-ਮੁਨਾਰੇ ਦਾ ਕੰਮ ਕਰਦਾ ਹੈ।
ਅਧਿਆਤਮਕ ਰਸਤੇ ਤੇ ਤੁਰਨ ਲਈ ਅਜਿਹੇ ਅਧਿਆਪਕ ਦੀ ਲੋੜ ਹੁੰਦੀ ਹੈ, ਜਿਸ ਦੇ ਬਰਾਬਰ ਹੋਰ ਕੋਈ ਨਾ ਹੋਵੇ,
ਉਸਦੀ ਲਿਆਕਤ ਅਤੇ ਤਾਕਤ ਨੂੰ ਕੋਈ ਚੈਲਿੰਜ ਨਾ ਕਰ ਸਕੇ ਅਤੇ ਉਹ ਸਦਾ ਥਿਰ ਰਹਿਣ ਵਾਲਾ ਹੋਵੇ, ਭਾਵ ਕਦੀ ਵੀ ਖਤਮ ਨਾ ਹੋਵੇ।
ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਐਸਾ ਹੀ ਅਬਿਨਾਸ਼ੀ ਗੁਰੁੂ ਹੈ, ਉਹ ਹੈ ਸ਼ਬਦ ਗੁਰੁੂ ਜੋ ਕਿ ਵਾਹਿਗੁਰੂ ਜੀ ਦੇ ਆਪਣੇ ਬੋਲ ਹਨ, ਧੁਰ ਕੀ ਬਾਣੀ ਹੈ, ਜੋ ਖਜਾਨਾ ਸਾਨੂੰ ਨਿਰਮਲ ਪੰਥ ਦੇ ਰਚਣਹਾਰੇ, ਧੰਨ ਗੁਰੂੁ ਨਾਨਕ ਸਾਹਿਬ ਜੀ ਨੇ ਆਪ ਦਿਤਾ ਹੈ।
ਸਬਦੁ ਗੁਰੁੂ ਸੁਰਤਿ ਧੁਨਿ ਚੇਲਾ॥
ਜਗਿਆਸੂ ਨੂੰ ਜਿਉਂ ਜਿਉਂ ਗੁਰਬਾਣੀ ਦੀ ਸੋਝੀ ਪੈਂਦੀ ਹੈ ਉਸਦੇ ਸਾਰੇ ਭਰਮ, ਭੁਲੇਖੇ ਅਤੇ ਵਹਿਮ ਨਾਸ਼ ਹੋ ਜਾਂਦੇ ਹਨ। ਉਸ ਲਈ ਦੁਨਿਆਵੀ ਰੀਤੀ ਰਿਵਾਜ, ਦੁਬਿਧਾ, ਦਵੰਧ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ, ਇਸ ਲਈ ਬੜੀ ਹਲਕੀ ਫੁਲਕੀ ਅਤੇ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਬਸਰ ਕਰਦਾ ਹੈ।
ਦੂਸਰੇ ਪਾਸੇ ਜ਼ਰਾ ਨਜ਼ਰ ਮਾਰੋ, ਆਤਮਿਕ ਗਿਆਨ ਨਾ ਹੋਣ ਕਰਕੇ ਕੋਈ ਹੱਠ ਯੋਗ ਕਰ ਰਿਹਾ ਹੈ, ਕੋਈ ਵਰਤਾਂ ਦੇ ਚੱਕਰ ਵਿੱਚ ਪਿਆ ਹੈ ਅਤੇ ਕਈ ਤਰ੍ਹਾਂ ਦੀਆਂ ਕਠਿਨ ਕਿਰਿਆਵਾਂ ਕਰ ਰਿਹਾ ਹੈ। ਆਮ ਆਦਮੀ ਲਈ ਇਹ ਸਭ ਕੁਝ ਕਰਨਾ ਅਲੂਣੀ ਸਿਲ ਚੱਟਣ ਵਾਂਗ ਹੈ। ਸ਼ੁਕਰ ਹੈ ਗੁਰਬਾਣੀ ਨੇ ਸਾਨੂੰ ਕਠਿਨਾਈਆਂ ਤੋਂ ਬਚਾ ਲਿਆ ਹੈ।
ਸਿੱਖ ਮੱਤ ਵਿੱਚ ਇਕ ਹੋਰ ਵਧੀਆ ਪਲੇਟਫਾਰਮ ਹੈ, ਉਹ ਹੈ ਸਾਧ ਸੰਗਤ ਜਿਥੇ ਕੇਵਲ ਗੁਰੁ ਉਪਦੇਸ਼ਾਂ ਦੀ ਗਲ ਹੁੰਦੀ ਹੈ । ਸਾਧ ਸੰਗਤ ਦਾ ਵਾਤਾਵਰਣ ਮਨੁੱਖ ਦਾ ਜੀਵਨ ਸਰਲ ਬਣਾ ਦਿੰਦਾ ਹੈ।
ਸਾਡੇ ਕੋਲ ਇਹ ਦੋਨੋਂ ਵਸੀਲੇ ਹਨ, ਅਧਿਆਪਕ (ਗੁਰੁੂ-ਸ਼ਬਦ) ਅਤੇ ਮਾਹੌਲ ਜਾਂ ਵਾਤਾਵਰਣ (ਸਾਧ-ਸੰਗਤ)। ਇਸ ਲਈ ਆਓ ਇਹ ਸੁਨਿਹਰੀ ਮੌਕਾ ਹਥੋਂ ਨਾ ਖੁੰਝਾਈਏ । ਮਨੁੱਖਾ ਜਨਮ ਵਿੱਚ ਮਨੁੱਖਾਂ ਲਈ ਰੱਬ ਨੇ ਰਾਮ ਨਾਮ ਦੀ ਝੜੀ ਲਾਈ ਹੋਈ ਜਿਸਦਾ ਭਰਪੂਰ ਲਾਭ ਲਈਏ। ਕਬੀਰ ਸਾਹਿਬ ਜੀ ਨੇ ਇਸੇ ਲਈ ਲਿਖਿਆ ਹੈ ਕਿ :
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥41॥
ਵਾਕਈ ਜੇ ਇਸ ਜਨਮ ਵਿੱਵ ਨਾਮ ਨਾ ਸਿਮਰਿਆ ਤਾਂ ਪਛਤਾਵੇ ਤੋਂ ਇਲਾਵਾ ਕੁਝ ਪੱਲੇ ਨਹੀਂ ਪੈਣਾ। ਕਈ ਟੇਢੀਆਂ ਜੂਨਾਂ ਵਿੱਚੋਂ ਤਰੱਕੀ ਕਰਕੇ ਇਹ ਦੁਰਲਭ ਮਨੁੱਖਾ ਜਨਮ ਮਿਲਿਆ ਹੈ ਜਿਸ ਵਿੱਚ ਬੁਧੀ ਦਾ ਪੂਰਨ ਵਿਕਾਸ ਹੋ ਚੁਕਿਆ ਹੈ । ਇਹ ਜਨਮ ਮਿਲਿਆ ਹੀ ਨਾਮ ਸਿਮਰਨ ਲਈ ਹੈ।
ਥੋੜਾ ਜਿਹਾ ਧਿਆਨ ਦੇਣ ਨਾਲ ਬਹੁਤ ਕੁਝ ਮਿਲਦਾ ਹੈ, ਜਿਸ ਦਾ ਅੰਦਾਜ਼ਾ ਵੀ ਨਹੀਂ ਲਗ ਸਕਦਾ।
ਰਾਜਾ ਸਿੰਘ ਮਿਸ਼ਨਰੀ
ਥੋੜਾ ਜਿਹਾ ਧਿਆਨ, ਰੱਬੀ ਗਿਆਨ
Page Visitors: 2744