ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰਬਾਣੀ ਦੀ ਘਸਵੱਟੀ ਤੇ , "ਗੁਰੂ ਮੰਤ੍ਰ" ਅਤੇ "ਮੂਲ ਮੰਤ੍ਰ" ।
ਗੁਰਬਾਣੀ ਦੀ ਘਸਵੱਟੀ ਤੇ , "ਗੁਰੂ ਮੰਤ੍ਰ" ਅਤੇ "ਮੂਲ ਮੰਤ੍ਰ" ।
Page Visitors: 2767

ਗੁਰਬਾਣੀ ਦੀ ਘਸਵੱਟੀ ਤੇ , "ਗੁਰੂ ਮੰਤ੍ਰ" ਅਤੇ "ਮੂਲ ਮੰਤ੍ਰ" ।
ਕਈ ਵਾਰ ਪੜ੍ਹਨ  ਅਤੇ ਸੁਨਣ ਨੂੰ ਮਿਲਦਾ ਹੈ ਕਿ ਫਲਾਂ ਸ਼ਬਦ  "ਗੁਰੂ ਮੰਤ੍ਰ" ਹੈ ਤੇ ਫਲਾਂ ਬਾਣੀ "ਮੂਲ ਮੰਤ੍ਰ " ਹੈ । "ਮੂਲ ਮੰਤ੍ਰ" ਇਥੋਂ ਤਕ ਹੈ ਜਾਂ "ਮੂਲ ਮੰਤ੍ਰ" ਇਥੋਂ ਤਕ ਹੈ।   ਸਾਡੀ ਨਵੀ ਪਨੀਰੀ ਜੋ ਗੁਰਮਤਿ ਨੂੰ ਜਾਨਣ ਲਈ ਬਹੁਤ ਹੀ ਜਿਗਿਆਸੂ ਹੈ। ਗੁਰਮਤਿ ਦੀਆਂ ਗੂੜ ਗੱਲਾਂ ਤੋਂ ਦੂਰ ਰਖਣ ਲਈ ਇਹੋ ਜਹੀਆਂ ਛੋਟੀਆਂ ਛੋਟੀਆਂ ਗੱਲਾਂ ਵਿਚ ਉਨ੍ਹਾਂ  ਨੂੰ ਇਤਨਾਂ ਉਲਝਾ ਕੇ ਰਖ ਦਿੱਤਾ ਜਾਂਦਾ ਹੈ , ਕਿ ਉਹ ਗੁਰਮਤਿ  ਨੂੰ ਡੂੰਗੇ ਤੌਰ ਤੇ ਸਮਝ ਵਿਚ ਅਸਮਰਥ ਹੋ ਜਾਂਦੇ ਹਨ।
ਦਾਸ ਦੀ ਜਾਨਕਾਰੀ ਵਿੱਚ ਇਹੋ ਜਹੇ ਬਹੁਤ ਸਾਰੇ ਬੱਚੇ ਹਨ ਜੋ ਗੁਰਮਤਿ ਦੇ ਨਾਂ ਤੇ ਬੇ ਫਜੂਲ ਦੀਆਂ ਬਹਿਸਾਂ ਕਰਦੇ ਵੇਖੇ ਜਾਂਦੇ ਹਨ।ਮੇਰੇ ਹੀ ਸ਼ਹਿਰ ਵਿਚ  20 -22 ਵਰ੍ਹੇ ਦਾ ਇਕ ਸਿੱਖ ਨੌਜੁਆਨ ਹੈ , ਜੋ ਨਵਾਂ ਨਵਾਂ ਅੰਮ੍ਰਿਤ ਛਕ ਕੇ ਆਇਆ ਤਾਂ ਉਹ ਅਪਣੇ ਆਪ ਨੂੰ "ਗੁਰਮਤਿ ਮਾਰਤੰਡ" ਸਮਝਣ ਲਗ ਪਿਆ । ਉਸ ਬੱਚੇ ਨੂੰ  ਮੈਂ ਅਕਸਰ ਅਪਣੇ ਸਾਥੀਆਂ ਨਾਲ ਸਰਬਲੋਹ ਦੇ  ਕੜੇ ਅਤੇ ਭਾਂਡਿਆਂ ਬਾਰੇ , ਛੇਦਕ ਗਹਿਣਿਆਂ ਬਾਰੇ, ਕੇਸਕੀ , ਇਸਤਰੀਆਂ ਦੇ  ਚੂੜਾਂ ਪਾਉਣ ਬਾਰੇ , ੳਨ੍ਹਾਂ ਦੀ ਪੋਸ਼ਾਕ ਬਾਰੇ , ਕਿਰਪਾਨ ਦੇ ਗਾਤਰੇ ਬਾਰੇ , ਮਾਸ ਖਾਂਣ ਅਤੇ ਨਾਂ ਖਾਂਣ ਬਾਰੇ ਆਦਿਕ ਛੋਟਿਆਂ ਛੋਟਿਆਂ  ਵਿਸ਼ਿਆਂ ਤੇ ਬਹਿਸਾਂ ਕਰਦਿਆਂ ਅਕਸਰ ਸੁਣਦਾ ਰਹਿੰਦਾ ਸੀ । ਉਹ ਵੀਰ ਅਕਸਰ ਮੇਰੇ ਨਾਲ ਵੀ ਕਈ ਵਾਰ ,ਇਨ੍ਹਾਂ ਵਿਸ਼ਿਆਂ ਤੇ ਹੀ ਸਵਾਲ  ਜਵਾਬ ਕਰਦਾ ਸੀ । ਇਕ ਦਿਨ ਉਹ ਅਪਣੇ ਇਕ  ਨੌਜੁਆਨ ਸਾਥੀ ਨੂੰ ਲੈਕੇ  ਮੇਰੇ ਆਫਿਸ,  ਮਿਲਨ ਲਈ ਆਇਆ। ੳਨ੍ਹਾਂ ਦਾ ਮਕਸਦ ਹਮੇਸ਼ਾਂ  ਇਹੋ ਜਹੇ ਬੇ ਫਜੂਲ ਦੇ ਸਵਾਲ ਜਵਾਬ ਕਰਨਾਂ ਹੀ ਹੂੰਦਾ ਸੀ। ਮੈਂ  ੳਨ੍ਹਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ੳਨ੍ਹਾਂ ਦੇ ਆਉਣ ਦਾ ਮਕਸਦ ਜਾਨਣਾਂ ਚਾਹਿਆ ।
ਉਹ ਦੋਵੇਂ ਸ਼ਾਇਦ ਕਿਸੇ ਸਵਾਲ ਤੇ ਘਰੋਂ ਹੀ ਸਲਾਹ ਕਰਕੇ ਆਏ ਸੀ,ਕਿਉਕਿ ਉਹ ਦੋਵੇ ਇਕੱਠੇ ਹੀ ਬੋਲ ਪਏ, "ਵੀਰ ਜੀ ਤੁਸੀ ਜੋ ਕ੍ਰਿਪਾਨ ਪਾਈ ਹੈ ਉਹ ਇਕ  "ਕਕਾਰ" ਨਹੀ ਹੈ ? (ਪਾਠਕਾਂ ਨੂੰ ਦਾਸ ਇਥੇ ਦਸ ਦੇਣਾਂ ਚਾਂਉਦਾ ਹੈ ਕਿ ਦਾਸ ਜੋ ਕ੍ਰਿਪਾਨ ਧਾਰਣ ਕਰਦਾ ਹੈ ਉਹ ਪੇੰਟ ਦੀ ਬੇਲਟ ਵਿਚ ਪਾਉਦਾ ਹੈ, ਗਾਤਰੇ ਨਾਲ ਨਹੀ ਪਾਂਉਦਾ ।)  ਦਾਸ ਨੇ ਮੁਸਕੁਰਾਂਦੇ ਹੋਏ ੳਨ੍ਹਾਂ ਨੂੰ ਪੁਛਿਆ ਕਿ ," ਜੇ ਵੀਰ  ਇਹ ਕਕਾਰ ਨਹੀ ਤਾਂ ਫਿਰ ਇਹ ਕੀ ਹੈ ? ਉਹ ਫੌਰਨ ਬੋਲੇ ਕਿ," ਕੀ ਤੁਸੀ ਸਿੱਖ ਰਹਿਤ ਮਰਿਯਾਦਾ ਨਹੀ ਪੜ੍ਹੀ ?" ਮੈ ਹੰਸਦੇ ਹੋਏ ਕਹਿਆ ਵੀਰੋ ! ਮੈਂ ਸਿੱਖ ਰਹਿਤ ਮਰਿਯਾਦਾ ਪੜ੍ਹੀ ਹੈ , ਤੇ ਉਸ ਦੇ  "ਅੰਮ੍ਰਿਤ ਸੰਸਕਾਰ" ਦੇ ਨਿਯਮ (ਸ) ਵਿੱਚ ਲਿਖਿਆ ਹੋਇਆ ਹੈ ਕਿ  " ..ਕਿਰਪਾਨ ਗਾਤਰੇ ਵਾਲੀ।"  ਲੇਕਿਨ ਵੀਰੋ ਇਕ ਗਲ ਦਾ ਜਵਾਬ ਤੁਸੀ ਮੈਨੂੰ ਦਿਉ ਕਿ , ਵੱਡੀ  ਕਿ੍ਪਾਨ ਜੋ ਅਕਾਲ ਤਖਤ ਦਾ ਜੱਥੇਦਾਰ ਵੀ ਫੜੀ ਫਿਰਦਾ ਹੈ ,ਅਤੇ ਹੋਰ ਸਿੱਖ ਵੀ ਉਸ ਨੂੰ ਧਾਰਣ ਕਰਦੇ ਹਨ , ਉਨ੍ਹਾਂ ਕ੍ਰਿਪਾਨਾਂ ਨਾਲ ਤਾਂ ਗਾਤਰਾ  ਹੂੰਦਾ ਨਹੀ ? ਕੀ ਉਹ ਕ੍ਰਿਪਾਨ "ਕਕਾਰ" ਨਹੀ ? ਉਹ ਦੋਵੇ ਫੌਰਨ ਬੋਲੇ "ਨਹੀ ਵੀਰ ਜੀ , ਜਿਸ ਕਿ੍ਪਾਨ ਵਿੱਚ ਗਾਤਰਾ ਨਹੀ , ਉਹ ਕ੍ਰਿਪਾਨ "ਕਕਾਰ" ਨਹੀ, ਸਿੱਖ ਰਹਿਤ ਮਰਿਯਾਦਾ ਵਿਚ ਲਿਖਿਆ ਹੋਇਆ ਹੈ । ਮੈਂ ਬਹੁਤ ਹੈਰਾਨ ਹੋ ਕੇ ,  ੳਨ੍ਹਾਂ ਨੂੰ ਨਰਾਜਗੀ ਭਰੇ ਲਹਿਜੇ ਵਿੱਚ ਕਿਹਾਂ ," ਬਸ ਹੁਣ ਇਹ ਗਲ ਕਿਸੇ ਹੋਰ ਅੱਗੇ  ਨਾਂ ਕਹਿਆ ਜੇ ! ਤੁਹਾਨੂੰ ਸਮਝ ਹੋਣੀ ਚਾਹੀਦੀ ਹੈ , ਕਿ ਜੋ ਪੰਥ ਦੋਖੀ ਤਾਕਤਾਂ  ਚਾਂਉਦੀਆਂ ਹਨ,  ਉਹੀ ਤੁਹਾਡੇ ਮੂਹੋਂ ਨਿਕਲ ਰਿਹਾ ਹੈ , ਕਿ ਗਾਤਰੇ ਵਾਲੀ ਛੋਟੀ ਕਿਰਪਾਨ ਹੀ ਤੁਹਾਡਾ "ਕਕਾਰ" ਹੈ ਤੇ ਵੱਡੀ ਕਿ੍ਪਾਨ ਕਕਾਰ ਨਹੀ ! ਇਹ ਹੀ ਤਾਂ ਪੰਥ ਦੋਖੀ ਚਾਂਉਦੇ ਹਨ। ਮੈਨੂੰ ਬੜੀ ਤਸੱਲੀ ਹੈ ਕਿ ਤੁਸੀ ਸਿੱਖ ਰਹਿਤ ਮਰਿਯਾਦਾ ਪੜ੍ਹ ਕੇ ਮੇਰੇ ਕੋਲ ਆਏ ਹੋ , ਲੇਕਿਨ ਸ਼ਾਇਦ ਤੁਸੀ "ਅੰਮ੍ਰਿਤ ਸੰਸਕਾਰ" ਵਾਲੇ ਸਿਰਲੇਖ ਦੇ ਅਖੀਰ ਵਿੱਚ ਇਹ ਨਹੀ ਪੜ੍ਹਿਆ ਕਿ * ਕ੍ਰਿਪਾਨ ਦੀ ਲੰਬਾਈ ਦੀ ਕੋਈ ਹੱਦ ਨਹੀ ਹੋ ਸਕਦੀ" । ਵੀਰੋ ਸ਼ਸ਼ਤਰ ਨੂੰ ਅੰਗੀਕਾਰ ਕਰਨ ਦਾ ਸਿੱਖੀ ਵਿਚ ਮਹਾਤਮ ਹੈ ਨਾਂ ਕਿ ਉਸਨੂੰ ਧਾਰਣ ਕਰਨ ਦੇ ਤੌਰ ਤਰੀਕੇ ਦਾ। ਦਾਸ ਦੀ ਇਹ ਗਲ ਸੁਣ ਕੇ ਉਹ ਬਹੁਤ ਸ਼ਰਮਿੰਦੇ ਹੋਏ ।ਫਿਰ ਉਹ ਹੌਲੀ ਜਹੀ ਅਵਾਜ ਵਿਚ ਕਹਿਣ ਲੱਗੇ,  ਕਿ ਸਿੱਖ ਰਹਿਤ ਮਰਿਯਾਦਾ ਵਿਚ.....ਤਾਂ ....ਲਿਖਿਆ ... ? ਦਾਸ ਨੇ ੳਨ੍ਹਾਂ ਨੂੰ ਸਮਝਾਇਆ ਕਿ ਸਿੱਖ ਰਹਿਤ ਮਰਿਯਾਦਾ ਵਿਚ ਬਹੁਤ ਕੁਝ ਸੋਧਨ ਅਤੇ ਬਦਲਨ ਵਾਲਾ ਹੈ,  ਜਿਸ ਵਲ ਅਸੀ ਕਦੀ ਜੋਰ ਨਹੀ ਲਾਇਆ, ਕਿਉਕਿ ਸਾਡਾ ਸਾਰਾ ਜੋਰ ਤਾਂ ਇਕ ਦੂਜੇ ਨਾਲ ਇਹੋ ਜਹੀਆਂ ਫਜੂਲ ਦੀਆਂ ਬਹਿਸਾਂ ਵਿਚ ਹੀ ਜਾਇਆ ਹੋ ਜਾਂਦਾ ਹੈ।
ਇਹ ਵ੍ਰਤਾਂਤ ਇਥੇ  ਇਸ ਲਈ ਸਾਂਝਾਂ ਕੀਤਾ ਹੈ ਕਿ ਕਿ ਇਹ ਸਮਝਾਇਆ ਜਾ ਸਕੇ ਕਿ ਸਾਡੀ ਨਵੀਂ ਪਨੀਰੀ ਨੂੰ ਛੋਟੇ ਛੋਟੇ ਵਿਸ਼ਿਆਂ ਤੇ ਬਹਿਸਾਂ ਵਿਚ  ਉਲਝਾਇਆ ਜਾ ਰਿਹਾ ਹੈ।ਜਿਸ ਵਿਚ ਮਾਸ ਖਾਂਣ ਦਾ ਵੀ ਇਕ ਮਸ਼ਹੂਰ ਮੁੱਦਾ ਹੈ।ਇਸ ਵਿਸ਼ੈ ਤੇ ਮੈਂ ਅਕਸਰ ਲੋਕਾਂ ਨੂੰ ਲੜਦਿਆਂ ਵੇਖਿਆ ਹੈ।  ਇਸ ਵਿਸ਼ੈ ਉੱਤੇ ਤਾਂ ਅਖੰਡ ਕੀਰਤਨੀ ਜੱਥੇ ਵਾਲੇ ਮਰਨ ਮਾਰਨ ਤੇ ਉਤਾਰੂ ਹੋ ਜਾਂਦੇ ਹਨ।ਸਾਡਾ ਵਿਸ਼ਾਂ ਇਥੇ "ਮੂਲ ਮੰਤਰ" ,  ਅਤੇ "ਗੁਰੂ ਮੰਤ੍ਰ" ਬਾਰੇ ਵਿਚਾਰ ਕਰਨਾਂ ਹੈ ਆਉ ਉਸ ਵਲ ਤੁਰਦੇ ਹਾਂ।
ਮੂਲ ਦਾ ਅਰਥ ਹੈ ਜੜ , ਕਰਤਾਰ , ਰੱਬ ਜੋ ਇਸ ਸੰਸਾਰ ਦਾ ਮੂਲ (ORIGIN) ਹੈ। ਮੰਤ੍ਰ ਦਾ ਅਰਥ ਹੈ  ਗੁਪਤ ਗੱਲ (ਭੇਦ)  ,.....ਵਿਚਾਰ , ਸਲਾਹ, ਮਸ਼ਵਰਾ, ਗੁਰੂ ਦਾ ਉਪਦੇਸ਼ । ਅਰਥਾਤ ਗੁਰੂ ਦਾ ਉਹ ਉਪਦੇਸ਼ ਜੋ ਉਸ ਮੂਲ (ਕਰਤਾਰ) ਦੇ ਭੇਦ ਬਾਰੇ ਇਕ ਵਿਚਾਰ ਕਰਦਾ ਹੈ। ਦੂਜੇ ਸ਼ਬਦਾਂ ਵਿਚ "ਮੂਲ ਮੰਤ੍ਰ",  ਗੁਰੂ ਦਾ ਦਿਤਾ ਉਹ ਉਪਦੇਸ਼ ਹੈ ,ਜੋ ਨਿਰੰਕਾਰ ਕਰਤੇ ਦੇ ਭੇਦ (ਗੁਪਤ ਬਾਤ) ਬਾਰੇ ਅਪਣੇ ਸਿੱਖਾਂ ਨੂੰ ਵਿਚਾਰ ਪ੍ਰਦਾਨ ਕਰਦਾ  ਹੈ।
ਇਸ ਅਰਥ ਮੁਤਾਬਿਕ ਤਾਂ ਸੰਪੂਰਨ ਗੁਰੂ ਬਾਣੀ ਹੀ "ਮੂਲ ਮੰਤ੍ਰ" ਹੈ। ਜੋ ਮੂਲ ਮੰਤ੍ਰ ਹੈ ਉਹੀ "ਗੁਰੂ ਮੰਤ੍ਰ" ਵੀ ਹੈ। ਫਿਰ ਇਹ ਬਹਿਸ ਕਿਸ ਲਈ ,ਕਿ ਮੂਲ ਮੰਤਰ ਕਿਥੋਂ ਤਕ ਹੈ ?
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥ ਅੰਕ 188
ਗੁਰੂ ਨਾਨਕ ਕਹਿੰਦੇ ਹਨ ਕੇ ਗੁਰੂ ਦੇ ਉਪਦੇਸ਼ ਨੂੰ (ਅਪਣੇ ਹਿਰਦੇ ਵਿੱਚ ) ਦ੍ਰਿੜ ਕੀਤਾ  । (ਤਾਂ) ਇਕ (ਕਰਤਾਰ) ਦਾ ਨਾਮ ਮੇਰੇ ਮਨ ਵਿਚ ਵਸ ਗਇਆ।
ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥ਸੋ ਉਬਰਿਆ ਮਾਇਆ ਅਗਨਿ ਤੇ ॥੩॥ਅੰਕ  211
ਜਿਨ੍ਹਾਂ ਨੂੰ ਗੁਰੂ , ਹਰਿ (ਕਰਤਾਰ) ਦਾ ਭੇਦ ਦੇ ਦਿੰਦਾ ਹੈ । ਉਹ ਮਾਇਆ ਰੂਪੀ ਅਗਨਿ ਤੋਂ ਮੁਕਤ ਹੋ ਜਾਂਦਾ ਹੈ।
ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥ ਅੰਕ 186
ਗੁਰੂ ਨਾਨਕ ਕਹਿੰਦੇ ਹਨ ਕਿ ਗੁਰੂ ਦੇ ਦਿਤੇ "ਉਪਦੇਸ਼" ਦਾ ਚਿੰਤਨ ਅਪਣੇ ਮਨ ਵਿਚ ਕਰ । ਉਸ ਕਰਤਾਰ ਦੇ ਸੱਚੇ ਦਰਬਾਰ ( ਇਸ ਮਨ ) ਵਿਚ ਤੈਨੂੰ ਸੁਖ ਪ੍ਰਾਪਤ ਹੋਵੇਗਾ ।
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ ਅੰਕ 518
ਜਿਸ ਤੇ ਉਹ ਮਿਹਰਵਾਨ ਖੁਸ਼ ਹੋ ਜਾਵੇ ਉਹ ਗੁਰੂ ਦਾ ਉਪਦੇਸ਼ ਕਮਾ ਲੈੰਦਾ ਹੈ , ਭਾਵ: ਗੁਰੂ ਦੇ ਉਪਦੇਸ਼ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ। (ਹੇ) ਮੇਹਰ ਦੇ ਦਾਤੇ  ਜਿਸਤੇ ਤੂੰ ਖੁਸ਼ ਹੋ ਜਾਵੇ ਤਾਂ ਨਾਨਕ ਕਹਿੰਦੇ ਹਨ ਕਿ ਉਹ ਸੱਚ ਵਿੱਚ ਲੀਨ ਹੋ ਜਾਂਦਾ ਹੈ ।
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥ਅੰਕ  562
ਮੇਰੇ ਵੀਰੋ ! ਗੁਰਬਾਣੀ ਦੇ ਇਹ ਸਾਰੇ ਪ੍ਰਮਾਣ ਇਹ ਦਰਸਾਂਉਦੇ ਹਨ ਕੇ "ਸ਼ਬਦ ਗੁਰੂ"  ਦੀ ਸੰਪੂਰਨ ਬਾਣੀ ਹੀ ਸਾਡੇ ਲਈ "ਮੂਲ ਮੰਤ੍ਰ" ਅਤੇ "ਗੁਰੂ ਮੰਤ੍ਰ" ਹੈ। ਸ਼ਬਦ ਗੁਰੂ ਦਾ ਕੋਈ ਵਿਸ਼ੇਸ਼ ਸ਼ਬਦ ਜਾਂ ਬਾਣੀ ਹੀ "ਗੁਰੂ ਮੰਤ੍ਰ " ਜਾਂ "ਮੂਲ ਮੰਤ੍ਰ"  ਨਹੀ ਹੈ ਬਲਕਿ ਸ਼ਬਦ ਗੁਰੂ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਇਕ ਪੰਗਤੀ "ਗਰੂ ਮੰਤ੍ਰ"   ਹੈ ।
ਇੰਦਰਜੀਤ ਸਿੰਘ ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.