ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 15)
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥3॥
ਜੇ ਉਸ ਅਲੱਭ ਪ੍ਰਭੂ ਨੂੰ ਮੈਂ ਪਾ ਵੀ ਲਵਾਂ ਤਾਂ ਮੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕਰ ਸਕਦਾ, ਜੇ ਕੁਝ ਬਿਆਨ
ਕਰਾਂ ਵੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ। ਵੈਸੇ ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ, ਸਾਰਾ ਜਗਤ ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋੜ੍ਹ ਦਾ ਪੂਰਾ ਰੁੱਖ ਬੀਜ ਵਿਚ ਹੈ, ਅਤੇ ਬੀਜ, ਬੋੜ੍ਹ ਵਿਚ ਹੈ।3।
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥4॥
ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ ਮੇਰੀ ਦੁਬਿਦਾ ਦਾ ਨਾਸ ਹੋ ਗਿਆ ਹੈ, ਅਤੇ ਦੁਬਿਦਾ ਦਾ ਨਾਸ ਹੋਇਆਂ, ਮੈਂ ਪਰਮਾਤਮਾ ਦਾ ਕੁਝ ਕੁਝ ਭੇਦ ਸਮਝ ਲਿਆ ਹੈ। ਦੁਬਿਦਾ ਨੂੰ ਉਲਟਾਇਆਂ, ਦੁਵਿਦਾ ਵਿਚੋਂ
ਨਿਕਲਿਆਂ ਮੇਰਾ ਮਨ, ਪਰਮਾਤਮਾ ਵਿਚ, ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।4।
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥5॥
ਦੁਵਿਦਾ ਨੂੰ ਮਿਟਾ ਕੇ ਪ੍ਰਭੂ ਚਰਨਾਂ ਵਿਚ ਜੁੜੇ ਰਹਣ ਲਈ ਮਨ ਨੂੰ ਉੱਚੇ ਜੀਵਨ ਦੀ ਸੋਝੀ ਦੇਣ ਵਾਸਤੇ, ਉੱਚੀ ਵਿਚਾਰ ਵਾਲੀ ਬਾਣੀ ਥੋੜੀ ਬਹੁਤ ਪੜ੍ਹਨੀ ਜ਼ਰੂਰੀ ਹੈ, ਤਾਂਹੀਏ ਚੰਗਾ ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ, ਜੋmਤਰੀਕਤ ਵਿਚ ਲੱਗਾ ਹੋਵੇ, ਅਤੇ ਚੰਗਾ ਹਿੰਦੂ ਉਸ ਨੂੰ ਸਮਝਿਆ ਜਾਂਦਾ ਹੈ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।
ਚੰਦੀ ਅਮਰ ਜੀਤ ਸਿੰਘ (ਚਲਦਾ)