ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਧਿਕਾਰੀ ਦਾ ਗੋਲ਼ੀ ਮਾਰ ਕੇ ਕਤਲ
ਨਿਊਯਾਰਕ, 27 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਧਿਕਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਘਟਨਾ ਦੌਰਾਨ ਉਹ ਡਿਊਟੀ ’ਤੇ ਤਾਇਨਾਤ ਸੀ ਤੇ ਕ੍ਰਿਸਮਸ ਦੀ ਰਾਤ ਘਟਨਾ ਵੇਲੇ ਓਵਰਟਾਈਮ ਕਰ ਰਿਹਾ ਸੀ। ਮ੍ਰਿਤਕ ਦੀ ਪਛਾਣ ਰੋਨਿਲ ਸਿੰਘ ਵਜੋਂ ਹੋਈ ਹੈ। ਉਹ ਨਿਊਮੈਨ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਅ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਉਂਟੀ ਸ਼ੈਰਿਫ਼ਸ ਡਿਪਾਰਟਮੈਂਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਦੇ ਥੋੜ੍ਹੀ ਦੇਰ ਬਾਅਦ ਹੀ ਰੋਨਿਲ ਦੀ ਮੌਤ ਦੀ ਖ਼ਬਰ ਰੇਡੀਓ ’ਤੇ ਦੇ ਦਿੱਤੀ ਗਈ ਸੀ। ਗੋਲ਼ੀ ਲੱਗਣ ਬਾਅਦ ਉਸ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਉਸ ਦੀ ਮੌਤ ਹੋ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਜਾਂਚ ਅਧਿਕਾਰੀਆਂ ਨੇ ਸ਼ੱਕੀ ਹਮਲਾਵਰਾਂ ਤੇ ਉਨ੍ਹਾਂ ਦੇ ਵਾਹਨਾਂ ਦਾ ਫੁਟੇਜ ਜਾਰੀ ਕਰ ਕੇ ਲੋਕਾਂ ਨੂੰ ਪਛਾਣ ਕਰਨ ਦੀ ਅਪੀਲ ਕੀਤੀ ਹੈ। ਰੋਨਿਲ 7 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ 5 ਮਹੀਨਿਆਂ ਦਾ ਪੁੱਤਰ ਹੈ। ਉਹ ਫਿਜ਼ੀ ਦਾ ਰਹਿਣ ਵਾਲਾ ਸੀ।