ਸਿੱਧੂ ਵੱਲੋਂ ਪਾਕਿਸਤਾਨ ਤੋਂ ਲਿਆਂਦੀ ‘ਕਾਲੇ ਤਿੱਤਰ’ ਦੀ ਟਰਾਫੀ ਪੰਜਾਬ ਵਣਜੀਵ ਵਿਭਾਗ ਨੇ ਜ਼ਬਤ
ਚੰਡੀਗਡ਼੍ਹ, 20 ਦਸੰਬਰ (ਪੰਜਾਬ ਮੇਲ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਤੋਂ ਲਿਆਂਦੀ ਗਈ ‘ਕਾਲੇ ਤਿੱਤਰ’ ਦੀ ਟਰਾਫੀ ਨੂੰ ਪੰਜਾਬ ਵਣਜੀਵ ਵਿਭਾਗ ਨੇ ਜ਼ਬਤ ਕਰ ਲਿਆ ਹੈ। ਬਕਾਇਦਾ ਵਣਜੀਵ ਵਿਭਾਗ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਕ ਪੱਤਰ ਭੇਜ ਕੇ ਸਪੱਸ਼ਟ ਕੀਤਾ ਹੈ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, 1972 ਤਹਿਤ ਸ਼ਡਿਊਲ ਦੇ ਦਾਇਰੇ ’ਚ ਆਉਣ ਵਾਲੇ ਕਿਸੇ ਵੀ ਵਣਜੀਵ ਦੀ ਟਰਾਫੀ ਨੂੰ ਆਪਣੇ ਕੋਲ ਨਹੀਂ ਰੱਖਿਆ ਜਾ ਸਕਦਾ। ਐਕਟ ਅਨੁਸਾਰ ਇਹ ਸਰਕਾਰ ਦੀ ਜਾਇਦਾਦ ਮੰਨੀ ਜਾਂਦੀ ਹੈ, ਇਸ ਲਈ ਵਣਜੀਵ ਵਿਭਾਗ ਇਸ ਨੂੰ ਆਪਣੇ ਕੋਲ ਰੱਖ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ’ਚ ਇਹ ਟਰਾਫੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤੋਹਫੇ ਵਜੋਂ ਭੇਟ ਕੀਤੀ ਸੀ ਪਰ ਮੁੱਖ ਮੰਤਰੀ ਨੇ ਇਹ ਕਹਿੰਦੇ ਹੋਏ ਟਰਾਫੀ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਉਹ ਵਣਜੀਵ ਵਿਭਾਗ ਤੋਂ ਇਸ ਦੀ ਆਗਿਆ ਲੈਣਗੇ, ਕਿਉਂਕਿ ਇਸ ਨੂੰ ਰੱਖਣ ਦੀ ਆਗਿਆ ਨਹੀਂ ਹੈ। ਇਸ ਕਡ਼ੀ ’ਚ ਮੁੱਖ ਮੰਤਰੀ ਦਫ਼ਤਰ ਨੇ ਇਹ ਟਰਾਫੀ ਪੰਜਾਬ ਦੇ ਚੀਫ ਵਾਈਲਡ ਲਾਈਫ ਵਾਰਡਨ ਦਫ਼ਤਰ ਨੂੰ ਭੇਜ ਦਿੱਤੀ ਸੀ। ਵਣਜੀਵ ਵਿਭਾਗ ਨੇ ਮੁੱਖ ਮੰਤਰੀ ਦਫ਼ਤਰ ਵੱਲੋਂ ਭੇਜੀ ਗਈ ਇਸ ਟਰਾਫੀ ਦੇ ਮਾਮਲੇ ’ਚ ਹੁਣ ਜਵਾਬ ਭੇਜਿਆ ਹੈ। ਹਾਲਾਂਕਿ ਪੰਜਾਬ ਵਣਜੀਵ ਵਿਭਾਗ ਨੇ ਜੀਵ-ਜੰਤੂ ਭਲਾਈ ਬੋਰਡ ਵੱਲੋਂ ਮੰਗੀ ਗਈ ਰਿਪੋਰਟ ’ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਵਣਜੀਵ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੋਰਡ ਵੱਲੋਂ ਕੋਈ ਪੱਤਰ ਨਹੀਂ ਭੇਜਿਆ ਗਿਆ ਹੈ। ਬੋਰਡ ਨੇ ਚੰਡੀਗਡ਼੍ਹ ਦੇ ਚੀਫ ਵਾਈਲਡ ਲਾਈਫ ਵਾਰਡਨ ਨੂੰ ਪੱਤਰ ਭੇਜਿਆ ਸੀ, ਜਿਸ ’ਤੇ ਚੰਡੀਗਡ਼੍ਹ ਦੇ ਚੀਫ ਵਾਈਲਡ ਲਾਈਫ ਵਾਰਡਨ ਨੇ ਪੰਜਾਬ ਵਣਜੀਵ ਵਿਭਾਗ ਨਾਲ ਸੰਪਰਕ ਕੀਤਾ ਸੀ। ਪੰਜਾਬ ਵਣਜੀਵ ਵਿਭਾਗ ਨੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਟਰਾਫੀ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਛਤਬੀਡ਼ ਚਿਡ਼ੀਆਘਰ ਦੀ ਸ਼ਾਨ ਬਣ ਸਕਦੀ ਹੈ ਟਰਾਫੀ
ਵਣਜੀਵ ਵਿਭਾਗ ਇਸ ਟਰਾਫੀ ਨੂੰ ਛਤਬੀਡ਼ ਚਿਡ਼ੀਆਘਰ ਨੂੰ ਸੌਂਪਣ ’ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਹਾਲੇ ਇਸ ’ਤੇ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ। ਵਣਜੀਵ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਵਿਭਾਗ ਇਸ ਟਰਾਫੀ ਨੂੰ ਅਜਿਹੀ ਥਾਂ ਰੱਖਣ ’ਤੇ ਵਿਚਾਰ ਕਰ ਰਿਹਾ ਹੈ, ਜਿੱਥੇ ਲੋਕ ਕਾਲੇ ਤਿੱਤਰ ਦੀ ਇਸ ਟਰਾਫੀ ਨੂੰ ਵੇਖ ਸਕਣ। ਕਾਲ਼ਾ ਤਿੱਤਰ ਹਰਿਆਣਾ ਦਾ ਰਾਜ ਪੰਛੀ ਹੈ। ਲਗਾਤਾਰ ਸ਼ਹਿਰੀਕਰਨ ਹੋਣ ਕਾਰਨ ਹੁਣ ਕਾਲਾ ਤਿੱਤਰ ਕਈ ਇਲਾਕਿਆਂ ’ਚ ਵਿਖਾਈ ਨਹੀਂ ਦਿੰਦਾ ਹੈ। ਅਜਿਹੇ ’ਚ ਲੋਕਾਂ ਨੂੰ ਖਾਸ ਤੌਰ ’ਤੇ ਬੱਚਿਆਂ ਨੂੰ ਇਸ ਕਾਲੇ ਤਿੱਤਰ ਦੇ ਜ਼ਰੀਏ ਜਾਣਕਾਰੀ ਮਿਲ ਸਕੇਗੀ। ਇਸ ਨੂੰ ਜਿੱਥੇ ਵੀ ਰੱਖਿਆ ਜਾਵੇਗਾ, ਉੱਥੇ ਟਰਾਫੀ ਦੇ ਨਾਲ ਕਾਲੇ ਤਿੱਤਰ ਦਾ ਪੂਰਾ ਵੇਰਵਾ ਚੰਗੀ ਤਰ੍ਹਾਂ ਦਰਜ ਕੀਤਾ ਜਾਵੇਗਾ।