ਸ਼ਹੀਦੀ ਯਾਦਗਰ ਅਤੇ ਬੀਬੀ ਨਿਰਪ੍ਰੀਤ ਕੌਰ ਦਾ ਮਰਨ ਬਰਤ ਤੁੜਵਾਉਣ ਦੇ ਵਿਵਾਦ
ਸਬੰਧੀ ਜਥੇਦਾਰ ਕੌਮ ਨੂੰ ਨਹੀਂ ਕਰ ਰਹੇ ਸੰਤੁਸ਼ਟ
(ਕਿਰਪਾਲ ਸਿੰਘ ਬਠਿੰਡਾ)
ਗੁਰਮਤਿ ਸਿਧਾਂਤਾਂ ਦੇ ਕਰ ਰਹੇ ਹਨ ਆਪਣੀ ਮਰਜੀ ਨਾਲ ਅਰਥ
ਜਿਹੜਾ ਜਥੇਦਾਰ ਭਖਦੇ ਇਨ੍ਹਾਂ ਦੋ ਮਸਲਿਆਂ ਸਬੰਧੀ ਕੌਮ ਦੀ ਤਸੱਲੀ ਨਹੀਂ ਕਰਵਾ ਸਕਦਾ ਉਹ ਟਾਈਗਰ ਜਥਾ, ਖ਼ਾਲਸਾ ਨਿਊਜ਼, ਅਤੇ ਸਿੰਘ ਸਭਾ ਯੂਐੱਸਏ ਵੱਲੋਂ ਗੁਰਮਤਿ ਅਨੁਸਾਰ ਪੁੱਛੇ ਗਏ 45 ਸਵਾਲਾਂ ਦਾ ਜਵਾਬ ਦੇਣ ਦੀ ਕੋਈ ਸਮਰਥਾ ਰੱਖਦੇ ਹਨ ਜਾਂ ਨਹੀਂ ਇਹ ਜਵਾਬ ਦੇ ਕੇ ਜਥੇਦਾਰ ਜੀ ਨੂੰ ਖ਼ੁਦ ਹੀ ਸਿੱਧ ਕਰਨਾ ਚਾਹੀਦਾ ਹੈ। ਜੇ ਉਹ ਆਪਣੇ ਆਪ ਨੂੰ ਜਥੇਦਾਰ ਜਾਂ ਸਿੰਘ ਸਾਹਿਬ ਸਮਝਦੇ ਹਨ ਤਾਂ ਉਨ੍ਹਾਂ ਨੂੰ ਜਰੂਰ ਕੌਮ ਦੀ ਤਸੱਲੀ ਕਰਵਾਉਣੀ ਚਾਹੀਦੀ ਹੈ।
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਅੱਜ ਸਵੇਰੇ ਫ਼ੋਨ ’ਤੇ ਸੰਪਰਕ ਕਰਕੇ ਪੁੱਛਿਆ ਕਿ ਅਚਾਨਕ ਹੀ ਸ਼ਹੀਦੀ ਯਾਦਗਰ ਦੇ ਨਾਮਕਰਨ ਦਾ ਇਹ ਕੀ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਜੋ ਕਿ ਇੱਕ ਕੌਮੀ ਮਸਲਾ ਬਣਦਾ ਜਾ ਰਿਹਾ ਹੈ? ਜਵਾਬ ’ਚ ਜਥੇਦਾਰ ਜੀ ਨੇ ਕਿਹਾ ਕੋਈ ਵਿਵਾਦ ਨਹੀ ਸਿਰਫ ਕੁਝ ਗਲਤ ਫ਼ਹਿਮੀਆਂ ਹਨ ਜਿਨ੍ਹਾਂ ਨੂੰ ਸਹਿਜਮਤੇ ਨਾਲ ਹੱਲ ਕਰ ਲਿਆ ਜਾਵੇਗਾ। ਪੁੱਛਿਆ ਗਿਆ ਕਿ ਐਸੀ ਗੱਲ ਤਾਂ ਨਹੀਂ ਹੈ ਕਿ ਕੋਈ ਵਿਵਾਦ ਹੀ ਨਾ ਹੋਵੇ। ਜੇ ਵਿਵਾਦ ਹੀ ਨਹੀਂ ਹੈ ਤਾਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ ਵਲੋਂ ਤੁਹਾਨੂੰ ਮੰਗ ਪੱਤਰ ਦੇਣ ਉਪ੍ਰੰਤ ਕੀਤੀ ਪ੍ਰੈੱਸ ਕਾਨਫਰੰਸ ’ਚ ਇਹ ਕਹਿਣ ਦੀ ਲੋੜ ਨਹੀਂ ਸੀ ਪੈਣੀ ਕਿ ਅਕਾਲ ਤਖ਼ਤ ਵੱਲੋਂ ਫੈਸਲਾ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਾ ਹੋਇਆ ਤਾਂ ਉਹ ਇਸ ਨੂੰ ਨਹੀਂ ਮੰਨਣਗੇ। ਉਨ੍ਹਾਂ ਦੀ ਇਸ ਧਮਕੀ ਕਾਰਣ ਜਿਥੇ ਕੋਈ ਰਾਹ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕੀਤੀ, ਉਥੇ ਇਹ ਪਹਿਲੀ ਵਾਰ ਹੈ ਕਿ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਸਕੱਤ੍ਰੇਤ ਵਿੱਚ ਹੋਈ ਮੀਟਿੰਗ ’ਚ ਪੰਜ ਤਖ਼ਤਾਂ ਦੇ ਜਥੇਦਾਰਾਂ ਤੋਂ ਇਲਾਵਾ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀਆਂ ਸਮੇਤ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀਆਂ ਨੂੰ ਵੀ ਮੀਟਿੰਗ ’ਚ ਸ਼ਾਮਲ ਕੀਤਾ ਗਿਆ ਸੀ ਪਰ ਫਿਰ ਵੀ ਸਰਬ ਸੰਮਤੀ ਨਾਲ ਕੋਈ ਫੈਸਲਾ ਨਾ ਹੋ ਸਕਿਆ।
ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕਰਕੇ ਸ਼ਹੀਦੀ ਯਾਦਗਾਰ ਬਣਾਈ ਗਈ ਹੈ ਤਾਂ ਇਸ ਦਾ ਨਾਮ ਸ਼ਹੀਦੀ ਯਾਦਗਾਰ ਤੋਂ ਬਿਨਾਂ ਹੋਰ ਕੀ ਰੱਖਿਆ ਜਾ ਸਕਦਾ ਹੈ? ਅਤੇ ਸ਼ਹੀਦਾਂ ਦੀ ਸੂਚੀ ’ਚੋਂ (ਸੰਤ) ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਕਿਵੇਂ ਹਟਾਇਆ ਜਾ ਸਕਦਾ ਹੈ? ਉਨ੍ਹਾਂ ਕਿਹਾ ਸ਼ਹੀਦੀ ਯਾਦਗਾਰ ਦਾ ਨਾਮ ਨਹੀ ਬਦਲਿਆ ਜਾ ਰਿਹਾ ਤੇ ਨਾ ਹੀ ਕਿਸੇ ਦਾ ਨਾਮ ਹਟਾਇਆ ਜਾ ਰਿਹਾ ਹੈ, ਸਿਰਫ ਕੁਝ ਸੁਝਾਉ ਆਏ ਸਨ ਕਿ 1984 ’ਚ ਅਕਾਲ ਤਖ਼ਤ ਸਾਹਿਬ ਜੀ ’ਤੇ ਕਈ ਹੋਰ ਵੀ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਨਾਮ ਵੀ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ। ਪੁੱਛਿਆ ਗਿਆ ਕਿ ਤੁਸੀਂ ਸਵਾਲਾਂ ਦਾ ਜਵਾਬ ਟਾਲਦੇ ਨਜ਼ਰ ਆ ਰਹੋ ਹੋ? ਸੂਚੀ ’ਚ ਦਰਜ ਹੋਣ ਤੋਂ ਰਹਿ ਗਏ ਸ਼ਹੀਦਾਂ ਦੇ ਨਾਮ ਤਾਂ ਪੜਤਾਲ ਕਰਨ ਉਪ੍ਰੰਤ ਜਿੰਨੇ ਮਰਜੀ ਲਿਖੀ ਜਾਉ; ਹੋਰ ਨਾਮ ਲਿਖਣ ਲਈ ਰਾਤ ਦੇ ਸਮੇਂ ਸ਼੍ਰੋਮਣੀ ਕਮੇਟੀ ਨੂੰ ਪਹਿਲਾ ਬੋਰਡ ਪੁੱਟਣ ਦੀ ਕੋਸ਼ਿਸ ਕਰਨ ਦੀ ਕੀ ਜਰੂਰਤ ਪੈ ਗਈ ਸੀ? ਕੀ ਤੁਹਾਨੂੰ ਐਸਾ ਨਜ਼ਰ ਨਹੀਂ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਵੀ ਅਜਾਦ ਨਹੀਂ ਹੈ, ਤੇ ਭਾਜਪਾ ਜਿਸ ਨੂੰ ਸ਼ਹੀਦ (ਸੰਤ) ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਪਸੰਦ ਨਹੀਂ ਹੈ; ਦੇ ਦਬਾਅ ਕਾਰਨ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਨਾਮ ਦਾ ਬੋਰਡ ਹਟਾਉਣ ਲਈ ਬਜ਼ਿਦ ਹੈ, ਜਿਸ ਨੂੰ ਦਮਦਮੀ ਟਕਸਾਲ ਦਾ ਮੁਖੀ ਸਹਿਣ ਕਰਨ ਲਈ ਤਿਆਰ ਨਹੀਂ ਹੈ? ਅਤੇ ਦੋਵਾਂ ਧਿਰਾਂ ਦੀ ਇਸ ਮਜ਼ਬੂਰੀ ਨੇ ਤੁਹਾਡੇ ਲਈ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ?
ਜਥੇਦਾਰ ਜੀ ਨੂੰ ਕਿਹਾ ਗਿਆ ਕਿ ਤੁਹਾਡਾ ਜਵਾਬ ਸਚਾਈ ਤੋਂ ਬਹੁਤ ਦੂਰ ਜਾਪਦਾ ਹੈ। ਉਨ੍ਹਾਂ ਦੀ ਸੱਚਾਈ ਪਰਖਣ ਲਈ ਹੋਏ ਸਵਾਲ ਜਵਾਬ ਹੇਠ ਲਿਖੇ ਅਨੁਸਾਰ ਹਨ:-
ਸਵਾਲ: ਦਿੱਲੀ ’ਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਮਰਨ ਬਰਤ ’ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦਾ ਬਰਤ ਤੁੜਵਾਉਣ ਪਿਛੇ ਕਿਹੜੀ ਸਿਆਸਤ ਨੇ ਕੰਮ ਕੀਤਾ ਹੈ? ਕੀ ਤੁਸੀਂ ਆਪਣੀ ਮਰਜੀ ਨਾਲ ਹੀ ਬਰਤ ਤੁੜਵਾਉਣ ਲਈ ਗਏ ਸੀ ਜਾਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਵੱਲੋਂ ਇਹ ਬਰਤ ਤੁੜਵਾਉਣ ਦੀ ਸਲਾਹ ਦਿੱਤੀ ਗਈ ਸੀ?
ਜਵਾਬ: ਕਿਸੇ ਵੱਲੋਂ ਸਲਾਹ ਨਹੀਂ ਦਿੱਤੀ ਗਈ। ਬਰਤ ਤੁੜਵਾਉਣ ਲਈ ਮੈਂ ਇਕੱਲਾ ਨਹੀਂ ਗਿਆ ਪੰਜਾਬ ਤੋਂ ਬਹੁਤ ਸਾਰੇ ਸਿੱਖ ਮੇਰੇ ਨਾਲ ਗਏ ਸੀ। ਸਾਰਿਆਂ ਦੀ ਇਹੀ ਰਾਇ ਸੀ ਕਿ ਬੀਬੀ ਨਿਰਪ੍ਰੀਤ ਕੌਰ ਇੱਕ ਅਹਿਮ ਗਵਾਹ ਹੈ ਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ। ਜੇ ਉਸ ਨੂੰ ਕੁਝ ਹੋ ਗਿਆ ਤਾਂ ਇਹ ਪੰਥ ਦੇ ਹਿੱਤ ਵਿੱਚ ਨਹੀਂ ਹੋਵੇਗਾ। ਇਸ ਲਈ ਪੰਜਾਬ ਦੇ ਸਿੱਖ ਚਾਹੁੰਦੇ ਸਨ ਕਿ ਬਰਤ ਤੁੜਵਾਇਆ ਜਾਵੇ। ਦਿੱਲੀ ਕਮੇਟੀ ਵੀ ਇਹੋ ਚਾਹੁੰਦੀ ਸੀ ਕਿ ਬਰਤ ਜਾਰੀ ਰੱਖਣਾ ਕੌਮ ਦੇ ਹਿੱਤ ਵਿੱਚ ਨਹੀਂ ਹੈ। ਵੈਸੇ ਵੀ ਮਰਨ ਵਰਤ ਰੱਖਣਾ ਗੁਰਮਤਿ ਸਿਧਾਂਤਾਂ ਦੇ ਉਲਟ ਹੈ ਤੇ ਪੁਰਾਤਨ ਸਿੱਖ ਇਤਿਹਾਸ ਵਿੱਚ ਮਰਨ ਬਰਤ ਰੱਖੇ ਜਾਣ ਦੀ ਕੋਈ ਵੀ ਮਿਸਾਲ ਨਹੀਂ ਮਿਲਦੀ; ਇਸ ਲਈ ਸਾਰਿਆਂ ਦੀ ਰਾਇ ਨਾਲ ਮੈਂ ਬਰਤ ਤੋੜੇ ਜਾਣ ਦਾ ਐਲਾਣ ਕਰ ਦਿੱਤਾ।
ਸਵਾਲ: ਤੁਸੀਂ ਝੂਠ ਬੋਲ ਰਹੇ ਹੋ ਕੇ ਪੰਜਾਬ ਦੇ ਸਾਰੇ ਸਿੱਖ ਤੁਹਾਡੇ ਨਾਲ ਗਏ ਸੀ ਜਦੋਂ ਕਿ ਸਚਾਈ ਇਹ ਹੈ ਕਿ ਪੰਜਾਬ ਦੇ ਸਾਰੇ ਸਿੱਖ ਨਹੀਂ ਬਲਕਿ ਬਾਦਲ ਦਲ ਦੇ ਸਾਰੇ ਆਗੂ ਤੁਹਾਡੇ ਨਾਲ ਗਏ ਸੀ। ਜਿਥੋਂ ਇਹੀ ਸਮਝ ਪੈਂਦੀ ਹੈ ਕਿ ਬਾਦਲ ਦਲ ਦੀਆਂ ਹਦਾਇਤਾਂ ’ਤੇ ਹੀ, ਤੁਸੀਂ ਕਿਸੇ ਹੋਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਬਰਤ ਤੋੜਨ ਦਾ ਐਲਾਨ ਕਰ ਦਿੱਤਾ।
ਜਵਾਬ: ਨਹੀਂ ਮੇਰੇ ਨਾਲ ਕੋਈ ਆਗੂ ਨਹੀ ਸੀ ਸਾਰੇ ਪੰਜਾਬ ’ਚੋਂ ਗਏ ਸਿੱਖ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਹੀ ਸਨ।
ਨੋਟ: ਜਥੇਦਾਰ ਜੀ ਦੀ ਇਸ ਸੱਚਾਈ ਨੂੰ ਉਸ ਸਮੇਂ ਪ੍ਰੈੱਸ ਵਿੱਚ ਛਪੀਆਂ ਤਸ਼ਵੀਰਾਂ ’ਚੋਂ ਪਰਖਿਆ ਜਾ ਸਕਦਾ ਹੈ।
ਸਵਾਲ: ਬੀਬੀ ਨਿਰਪ੍ਰੀਤ ਕੌਰ ਸਮੇਤ ਹੋਰ ਕਈਆਂ ਨੂੰ ਵੱਖ ਵੱਖ ਕਮਿਸ਼ਨਾਂ ਤੇ ਅਦਾਲਤਾਂ ਵਿੱਚ ਗਵਾਹੀ ਦੇਣ ਲਈ ਧੱਕੇ ਖਾਂਦਿਆਂ ਤਾਂ 29 ਸਾਲ ਬੀਤ ਗਏ ਹਨ। ਜਦ ਸਾਨੂੰ ਚਿੱਟੇ ਦਿਨ ਵਾਂਗ ਸਾਫ਼ ਵਿਖਾਈ ਦੇ ਰਿਹਾ ਹੈ ਕਿ ਹਿੰਦੋਸਤਾਨ ਦੀਆਂ ਇਹ ਅੰਨ੍ਹੀਆਂ ਬੋਲ਼ੀਆਂ ਅਦਾਲਤਾਂ ਤੇ ਸਰਕਾਰਾਂ ਸਾਨੂੰ ਇਨਸਾਫ਼ ਦੇਣ ਦੇ ਰੌਂਅ ਵਿੱਚ ਨਹੀਂ ਹਨ ਤਾਂ ਇੱਕੋ ਰਾਹ ਬਾਕੀ ਰਹਿ ਗਿਆ ਹੈ ਕਿ ਸਿੱਖਾਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਵੱਲ ਅੰਤਰਾਸ਼ਟਰੀ ਪੱਧਰ ’ਤੇ ਧਿਆਨ ਖਿੱਚਣ ਲਈ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ। ਬੀਬੀ ਨਿਰਪ੍ਰੀਤ ਕੌਰ ਦਾ ਮਰਨ ਬਰਤ ਇਸੇ ਕੜੀ ਦਾ ਇੱਕ ਹਿੱਸਾ ਸੀ ਜਿਸ ਨੂੰ ਤੁਸੀਂ ਸਰਕਾਰ ਤੋਂ ਕੋਈ ਭਰੋਸਾ ਲਏ ਬਿਨਾਂ ਹੀ ਅੱਧ ਵਿਚਕਾਰੋਂ ਤੁੜਵਾ ਕੇ ਪੀੜਤਾਂ ਅਤੇ ਕੌਮ ਦੀ ਪਿੱਠ ’ਚ ਛੁਰਾ ਮਾਰਨ ਦੇ ਤੁਲ ਕੰਮ ਕੀਤਾ ਹੈ। ਜੇ ਬਰਤ ਤੁੜਵਾਉਣਾਂ ਜਰੂਰੀ ਹੀ ਸਮਝਿਆ ਗਿਆ ਸੀ ਤਾਂ ਘੱਟ ਤੋਂ ਘੱਟ ਬੀਬੀ ਨਿਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਬੈਠੀਆਂ ਵਿਧਵਾਵਾਂ ਤੇ ਹੋਰ ਸੰਗਤ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਨੂੰ ਭਰੋਸੇ ਵਿੱਚ ਤਾਂ ਲੈ ਲੈਂਦੇ।
ਜਵਾਬ: ਕਿਸੇ ਦੀ ਪਿੱਠ ਵਿੱਚ ਕੋਈ ਛੁਰਾ ਨਹੀਂ ਮਾਰਿਆ। ਉਥੇ ਹਾਜਰ ਸਾਰੇ ਹੀ ਸਿੱਖ ਬਰਤ ਖਤਮ ਕੀਤੇ ਜਾਣ ਦੇ ਹੱਕ ਵਿੱਚ ਸਨ।
ਸਵਾਲ: ਬੀਬੀ ਨਿਰਪ੍ਰੀਤ ਕੌਰ ਤਾਂ ਤੁਹਾਡੇ ’ਤੇ ਗੰਭੀਰ ਦੋਸ਼ ਲਾਉਂਦੀ ਹੋਈ ਕਹਿ ਰਹੀ ਹੈ ਕਿ ਤੁਸੀਂ ਉਸ ਨੂੰ ਜੂਸ ਨਹੀਂ ਪਿਆਇਆ ਧੋਖੇ ਨਾਲ ਸ਼ਹੀਦਾਂ ਦਾ ਖ਼ੂਨ ਪਿਆ ਦਿੱਤਾ ਹੈ।
ਜਵਾਬ: ਹੁਣ ਜੋ ਮਰਜੀ ਕਹੀ ਜਾਵੇ ਜੇ ਕਿਸੇ ਨੇ ਵਿਰੋਧ ਕਰਨਾ ਸੀ ਤਾਂ ਉਸ ਸਮੇਂ ਕਰਦੇ।
ਸਵਾਲ: ਇੰਟਰਨੈੱਟ ’ਤੇ ਪਈ ਵੀਡੀਓ ਤਾਂ ਦੱਸ ਰਹੀ ਹੈ ਕਿ ਜਿਸ ਸਮੇਂ ਤੁਸੀਂ ਬਰਤ ਤੋੜੇ ਜਾਣ ਦਾ ਐਲਣ ਕਰ ਰਹੇ ਸੀ ਉਸੇ ਸਮੇਂ ਪੀੜਤ ਵਿਧਵਾਵਾਂ ਭਾਰੀ ਵਿਰੋਧ ਕਰ ਰਹੀਆਂ ਸਨ। ਤੁਹਾਡੇ ਸਮੇਤ ਕਿਸੇ ਨੇ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ।
ਜਵਾਬ: ਮੌਕੇ ’ਤੇ ਮੈਂ ਤਾਂ ਕਿਸੇ ਨੂੰ ਵਿਰੋਧ ਕਰਦਾ ਨਹੀਂ ਵੇਖਿਆ।
ਨੋਟ: ਕੀ ਕੋਈ ਦੱਸ ਸਕਦਾ ਹੈ ਕਿ ਜਿਹੜੀ ਵੀਡੀਓ ਇੰਟਰਨੈੱਟ ’ਤੇ ਪਏ ਯੂਟਿਊਬ ਲਿੰਕ : http://www.youtube.com/watch?feature=player_embedded&v=DRBR31UYItg ’ਤੇ ਸਾਰਾ ਜਗਤ ਵੇਖ ਰਿਹਾ ਹੈ ਤੇ ਜਥੇਦਾਰ ਜੀ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਵਾਪਰਿਆ ਤੇ ਰੀਕਾਰਡ ਹੋਇਆ ਉਹ ਜਥੇਦਾਰ ਜੀ ਨੂੰ ਕਿਉਂ ਨਹੀਂ ਦਿੱਸ ਰਿਹਾ? ਜਿਨ੍ਹਾਂ ਦੀ ਮੁੱਠੀ ਵਿੱਚ ਜਥੇਦਾਰ ਜੀ ਤੋਤੇ ਵਾਂਗ ਬੰਦ ਹਨ ਉਹ ਬੜੇ ਯਜਨਾਬੱਧ ਢੰਗ ਨਾਲ ਪ੍ਰਚਾਰ ਕਰ ਰਹੇ ਹਨ ਕਿ ਆਪਣੇ ਪੈਰਾਂ ਵਿੱਚ ਨਾ ਵੇਖ ਸਕਣ ਵਾਲੇ ਜਥੇਦਾਰ ਦਾ ਫੈਸਲਾ ਉਨ੍ਹਾਂ ਨੂੰ ਸਿਰ ਮੱਥੇ ’ਤੇ ਪ੍ਰਵਾਨ ਹੋਵੇਗਾ ਤੇ ਬਾਕੀ ਦੇ ਸਾਰੇ ਸਿੱਖਾਂ ਨੂੰ ਵੀ ਉਨ੍ਹਾਂ ਦਾ ਆਦੇਸ਼ ਮੰਨ ਲੈਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇਗਾ; ਉਹ ਕਿੰਨੇ ਕੁ ਸੁਹਿਰਦ ਹਨ?
ਸਵਾਲ: ਜੋ ਤੁਸੀਂ ਮਰਨ ਵਰਤ ਨੂੰ ਸਿੱਖ ਸਿਧਾਂਤ ਦੇ ਵਿਰੋਧ ਵਿੱਚ ਦੱਸ ਰਹੇ ਹੋ, ਇਹ ਵੀ ਇੱਕ ਬਹਾਨਾ ਜਾਪਦਾ ਹੈ ਕਿਉਂਕਿ ਸਿੱਖ ਸਿਧਾਂਤ ਤਾਂ ਮੌਜੂਦਾ ਢੰਗ ਦੀਆਂ ਗੁਰਦੁਆਰਾ ਚੋਣਾਂ ਨੂੰ ਵੀ ਪ੍ਰਵਾਨ ਨਹੀਂ ਕਰਦਾ; ਹਵਨ ਕਰਨੇ, ਜਗਰਾਤੇ ਕਰਵਾਉਣੇ, ਸ਼ਿਵਲਿੰਗ ਪੂਜਾ ਕਰਨੀ, ਨਿਰੋਲ ਗੱਪਾਂ ਦੇ ਅਧਾਰ ’ਤੇ ਸਿਰਜੇ ਵਿਸ਼ਵਕਰਮਾ ਦੀ ਪੂਜਾ ਕਰਨੀ, ਮੱਥੇ ’ਤੇ ਤਿਲਕ ਲਾਉਣੇ, ਕੜੇ ਵਾਲੇ ਹੱਥਾਂ ’ਤੇ ਮੌਲ਼ੀਆਂ ਦੇ ਧਾਗੇ ਬੰਨ੍ਹਣੇ ਆਦਿਕ ਕੁਝ ਵੀ ਪ੍ਰਵਾਨ ਨਹੀਂ ਹਨ। ਜੇ ਤੁਸੀਂ ਗੁਣਾਂ ਦੇ ਅਧਾਰ ’ਤੇ ਸਲੈਕਸ਼ਨ ਦੇ ਥਾਂ ਭ੍ਰਿਸ਼ਟ ਢੰਗਾਂ ਰਾਹੀਂ ਹੋਈਆਂ ਚੋਣਾਂ ਰਾਹੀਂ; ਹਵਨ ਕਰਨ ਵਾਲੇ, ਜਗਰਾਤੇ ਕਰਵਾਉਣ ਵਾਲੇ, ਸ਼ਿਵਲਿੰਗ ਪੂਜਾ ਕਰਨ ਵਾਲੇ, ਵਿਸ਼ਵਕਰਮਾ ਦੀ ਪੂਜਾ ਕਰਨ ਵਾਲੇ, ਮੱਥੇ ’ਤੇ ਤਿਲਕ ਲਵਾਉਣ ਵਾਲੇ, ਕੜੇ ਵਾਲੇ ਹੱਥਾਂ ’ਤੇ ਮੌਲ਼ੀਆਂ ਬੰਨ੍ਹਣ ਵਾਲੇ, ਅਤੇ ‘ਜੈ ਸ਼ੀਆ ਰਾਮ’ ਦੇ ਨਾਹਰੇ ਲਾਉਣ ਵਾਲੇ ਚੁਣੇ ਗਏ ਮੈਂਬਰਾਂ ਨੂੰ ਗੁਰਦੁਆਰਾ ਪ੍ਰਬੰਧਕ ਤੇ ਸ਼੍ਰੋਮਣੀ ਆਕਲੀ ਦਲ ਦੇ ਕਰਤਾ ਧਰਤਾ ਪ੍ਰਵਾਨ ਕਰ ਰਹੇ ਹੋ ਤਾਂ ਅਜੇਹੇ ਲੋਕਤੰਤਰ ਵਿੱਚ ਮਰਨ ਬਰਤ ਵੀ ਪ੍ਰਵਾਨ ਕਰਨਾ ਪਏਗਾ।
ਜਵਾਬ: ਮੇਰੇ ਸਮੇਂ ਦੌਰਾਨ ਤਾਂ ਕਿਸੇ ਨੇ ਮਨਮਤ ਨਹੀਂ ਕੀਤੀ। ਚੋਣਾਂ ਕਾਨੂੰਨ ਦੇ ਤਹਿਤ ਹੋ ਰਹੀਆਂ ਹਨ, ਇਸ ਲਈ ਇਹ ਚੋਣਾਂ ਮੰਨਣੀਆਂ ਹੀ ਪੈਣਗੀਆਂ।
ਸਵਾਲ: ਜੇ ਮਜਬੂਰੀ ਵੱਸ ਲੋਕਤੰਤਰ ਵਿੱਚ ਚੋਣਾਂ ਮੰਨਣੀਆਂ ਹੀ ਪੈਣਗੀਆਂ ਤਾਂ ਅਜਿਹੇ ਲੋਕ ਤੰਤਰ ਵਿੱਚ ਰੋਸ ਵਜੋਂ ਵਰਤੇ ਜਾਣ ਵਾਲੇ ਢੰਗ ਜਿਵੇਂ ਕਿ ਰੋਸ ਮੁਜ਼ਾਹਰੇ, ਮਰਨ ਬਰਤ ਅਤੇ ਭੁੱਖ ਹੜਤਾਲਾਂ ਵੀ ਜਾਇਜ਼ ਮੰਨਣੀਆਂ ਪੈਣਗੀਆਂ। ਅਗਲੀ ਗੱਲ ਹੈ ਕਿ ਸਿੱਖੀ ਵਿੱਚ ਧਾਰਮਕ ਤੌਰ ’ਤੇ ਆਤਮਕ ਸ਼ੁੱਧੀ ਜਾਂ ਕਿਸੇ ਹੋਰ ਫ਼ਲ ਦੀ ਪ੍ਰਾਪਤੀ ਲਈ ਖ਼ਾਸ ਖ਼ਾਸ ਦਿਨਾਂ ਦੇ ਮਿਥੇ ਗਏ ਬਰਤ ਰੱਖਣ ਦੀ ਮਨਾਹੀ ਹੈ ਨਾ ਕਿ ਲੋਕ ਤੰਤਰ ਵਿੱਚ ਰੋਸ ਵਜੋਂ ਬਰਤ ਰੱਖਣ ਦੀ। ਪਰ ਜੇ ਤੁਸੀਂ ਕਹਿੰਦੇ ਹੋ ਕਿ ਭੁੱਖ ਹੜਤਾਲ ਜਾਂ ਮਰਨ ਬਰਤ ਰੱਖਣੇ ਸਿੱਖੀ ਸਿਧਾਂਤ ਅਨੁਸਾਰ ਵਾਜ਼ਬ ਨਹੀਂ ਤਾਂ ਸਿੱਖੀ ਸਿਧਾਂਤ ਹੈ: ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥’ (ਜ਼ਫ਼ਰਨਾਮਾ) ਭਾਵ ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ, ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ। ਪਰ ਤੁਹਾਡੇ ਵੱਲੋਂ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਨਾਲ ਨਿਵਾਜ਼ੇ ਗਏ ਆਗੂ ਤਾਂ, ਸਾਰੇ ਉਪਾ ਖਤਮ ਹੋਣ ਪਿੱਛੋਂ ਹਥਿਆਰ ਚੁੱਕਣ ਵਾਲਿਆਂ ਨੂੰ ਅਤਿਵਾਦੀ ਦੱਸ ਰਹੇ ਹਨ ਤੇ ਸ਼ਹੀਦੀ ਯਾਦਗਾਰ ਵਿੱਚ ਉਨ੍ਹਾਂ ਦੇ ਨਾਮ ਵੀ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਤੇ ਉਨ੍ਹਾਂ ਦੇ ਝੋਲ਼ੀ ਚੁਕਾਂ ਨੂੰ ਚੁਭ ਰਹੇ ਹਨ ਤੇ ਉਨ੍ਹਾਂ ਦੀਆਂ ਹਦਾਇਤਾਂ ’ਤੇ ਤੁਸੀ ਉਨ੍ਹਾਂ ਦੇ ਨਾਮ ਮਿਟਾਉਣ ਲਈ ਸਹਿਜਮਤੇ ਨਾਲ ਕੋਈ ਰਾਹ ਲੱਭ ਰਹੇ ਹੋ। ਜਦੋਂ ਕਿ ਖ਼ੁਦ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨ ਦੀ ਥਾਂ ਸਿੱਖ ਕੌਮ ਦੀ ਵੱਖਰੀ ਹਸਤੀ ਤੇ ਹੋਂਦ ਮਿਟਾਉਣ ’ਤੇ ਤੁਲੇ ਅਡਵਾਨੀ, ਰਾਜਨਾਥ, ਗਡਕਰੀ, ਸ਼ੂਸ਼ਮਾ ਸਵਰਾਜ ਆਦਿਕ ਦੇ ਹੱਥ ਤਲਵਰ ਫੜਾ ਕੇ ਉਨ੍ਹਾਂ ਦੇ ਗਲ਼ਾਂ ਵਿੱਚ ਸਿਰੋਪੇ ਪਾ ਕੇ ਸਿੱਖੀ ਸਿਧਾਂਤਾਂ ਦਾ ਮਖੌਲ ਉਡਾ ਰਹੇ ਹਨ।
ਜਵਾਬ: ਮੈਂ ਇਸ ਸਮੇਂ ਸਫ਼ਰ ਵਿੱਚ ਹਾਂ ਇਸ ਲਈ ਇਨ੍ਹਾਂ ਗੱਲਾਂ ਬਾਰੇ ਆਪਾਂ ਫਿਰ ਸਹਿਜ ਮਤੇ ਨਾਲ ਵੀਚਾਰ ਕਰਾਂਗੇ।
ਜਿਹੜਾ ਜਥੇਦਾਰ ਭਖਦੇ ਇਨ੍ਹਾਂ ਦੋ ਮਸਲਿਆਂ ਸਬੰਧੀ ਕੌਮ ਦੀ ਤਸੱਲੀ ਨਹੀਂ ਕਰਵਾ ਸਕਦਾ ਉਹ ਟਾਈਗਰ ਜਥਾ, ਖ਼ਾਲਸਾ ਨਿਊਜ਼, ਅਤੇ ਸਿੰਘ ਸਭਾ ਯੂਐੱਸਏ ਵੱਲੋਂ ਗੁਰਮਤਿ ਅਨੁਸਾਰ ਪੁੱਛੇ ਗਏ 45 ਸਵਾਲਾਂ ਦਾ ਜਵਾਬ ਦੇਣ ਦੀ ਕੋਈ ਸਮਰਥਾ ਰੱਖਦੇ ਹਨ ਜਾਂ ਨਹੀਂ; ਇਹ ਜਵਾਬ ਦੇ ਕੇ ਜਥੇਦਾਰ ਜੀ ਨੂੰ ਖ਼ੁਦ ਹੀ ਸਿੱਧ ਕਰਨਾ ਚਾਹੀਦਾ ਹੈ। ਜੇ ਉਹ ਆਪਣੇ ਆਪ ਨੂੰ ਜਥੇਦਾਰ ਜਾਂ ਸਿੰਘ ਸਾਹਿਬ ਸਮਝਦੇ ਹਨ ਤਾਂ ਉਨ੍ਹਾਂ ਨੂੰ ਜਰੂਰ ਕੌਮ ਦੀ ਤਸੱਲੀ ਕਰਵਾਉਣੀ ਚਾਹੀਦੀ ਹੈ।