ਬਿਸ਼ਪ ‘ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ‘ਚ ਗਵਾਹੀ ਦੇਣ ਵਾਲੇ ਪਾਦਰੀ ਦੀ ਭੇਤਭਰੀ ਮੌਤ
ਦਸੂਹਾ, 22 ਅਕਤੂਬਰ (ਪੰਜਾਬ ਮੇਲ)- ਕੇਰਲ ਵਿੱਚ ਸਾਧਵੀ ਨਾਲ ਜਬਰ ਜਨਾਹ ਮਾਮਲੇ ’ਚ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਮੁੱਖ ਗਵਾਹ ਪਾਦਰੀ ਕੁਰਿਆਕੋਸ਼ ਕੱਟੂਥਾਰਾ (62) ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੀ ਲਾਸ਼ ਅੱਜ ਸਵੇਰੇ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਅੰਦਰ ਸਥਿਤ ਚਰਚ ਦੇ ਕਮਰੇ ਵਿੱਚੋਂ ਮਿਲੀ ਹੈ। ਸਕੂਲ ਪ੍ਰਬੰਧਕਾਂ ਨੇ ਬਿਨਾਂ ਪੁਲੀਸ ਨੂੰ ਇਤਲਾਹ ਕੀਤੇ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਲਿਆਂਦਾ, ਜਿੱਥੇ ਡਾਕਟਰਾਂ ਨੇ ਪਾਦਰੀ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲੀਸ ਮੁਖੀ ਜੇ.ਇਲਨਚੇਲੀਅਨ, ਐੱਸਪੀਡੀ ਹਰਪ੍ਰੀਤ ਸਿੰਘ ਮੰਡੇਰ, ਡੀਐੱਸਪੀ ਦਲਜੀਤ ਸਿੰਘ ਖੱਖ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਮਾਮਲੇ ਦੀ ਗੰਭਰੀਤਾ ਨੂੰ ਦੇਖਦਿਆਂ ਜਾਂਚ ਲਈ ਡੌਗ ਸਕੁਐਡ ਦੀ ਟੀਮ ਵੀ ਬੁਲਾਈ ਗਈ। ਮੌਤ ਦਾ ਕਾਰਨ ਭਾਵੇਂ ਅਜੇ ਸਪੱਸ਼ਟ ਨਹੀਂ ਹੋ ਸਕਿਆ, ਪਰ ਸੂਤਰਾਂ ਨੇ ਪਾਦਰੀ ਕੁਰੀਆਕੋਸ ਦੇ ਕਤਲ ਹੋਣ ਜਾਂ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕੁਰੀਆਕੋਸ਼ ਕਰੀਬ ਕੁਝ ਦਿਨ ਪਹਿਲਾਂ ਹੀ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਅੰਦਰ ਸਥਿਤ ਸੇਂਟ ਮੈਰੀ ਚਰਚ ਦੇ ਬਤੌਰ ਸਹਾਇਕ ਪਾਦਰੀ ਨਿਯੁਕਤ ਹੋਏ ਸਨ ਤੇ ਚਰਚ ਅੰਦਰ ਹੀ ਬਣੀ ਰਿਹਾਇਸ਼ ਵਿੱਚ ਰਹਿ ਰਹੇ ਸਨ। ਇਸ ਤੋਂ ਪਹਿਲਾਂ ਉਹ ਕੈਥੋਲਿਕ ਚਰਚ ਭੋਗਪੁਰ ’ਚ ਤਾਇਨਾਤ ਸਨ। ਰਸੋਈਏ ਮਦਨ ਲਾਲ ਨੇ ਦੱਸਿਆ ਕਿ ਲੰਘੀ ਰਾਤ ਪਾਦਰੀ ਨੂੰ ਖਾਣਾ ਖੁਆ ਕੇ ਉਹ ਚਲਿਆ ਗਿਆ ਸੀ। ਅੱਜ ਸਵੇਰ ਦਾ ਖਾਣਾ ਬਣਾਉਣ ਲਈ ਉਹ ਚਰਚ ਗਿਆ ਤਾਂ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਕਾਫੀ ਦੇਰ ਖੜਕਾਉਣ ਮਗਰੋਂ ਵੀ ਉਨ੍ਹਾਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਹੋਰਨਾਂ ਦੀ ਮਦਦ ਨਾਲ ਉਨ੍ਹਾਂ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਦੇਖਿਆ ਕਿ ਪਾਦਰੀ ਦੀ ਲਾਸ਼ ਬੈੱਡ ’ਤੇ ਪਈ ਹੋਈ ਸੀ। ਲਾਸ਼ ਕੋਲੋਂ ਵਿਦੇਸ਼ੀ ਸ਼ਰਾਬ ਦੀਆਂ ਤਿੰਨ ਬੋਤਲਾਂ ਬਰਾਮਦ ਹੋਈਆਂ ਹਨ।
ਜ਼ਿਲ੍ਹਾ ਪੁਲੀਸ ਮੁਖੀ ਜੇ. ਇਲਨਚੇਲੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਦਰੀ ਦੀ ਕੁਦਰਤੀ ਮੌਤ ਲੱਗਦੀ ਹੈ। ਫਿਰ ਵੀ ਪੋਸਟਮਾਰਟਮ ਦੀ ਰਿਪੋਰਟ ਆਉਣ ਅਤੇ ਮਾਮਲੇ ਦੀ ਜਾਂਚ ਮਗਰੋਂ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪਾਦਰੀ ਦੀ ਮੌਤ ਨਾਲ ਸਬੰਧਤ ਕੇਸ ਦੀ ਚੱਲ ਰਹੀ ਅਦਾਲਤੀ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਕੈਥੋਲਿਕ ਮਿਸ਼ਨ ਦੇ ਧਾਰੀਵਾਲ ਡਿਨਰੀ ਦੇ ਡੀਨ ਫਾਦਰ ਜੌਸਫ ਮੈਥਿਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਥੋਲਿਕ ਮਿਸ਼ਨ ਦੇ ਦਸੂਹਾ ’ਚ ਤਾਇਨਾਤ ਫਾਦਰ ਕੁਰੀਆ (62) ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੀ ਹੋਈ ਮੌਤ ਦੀ ਖ਼ਬਰ ਸੁਣਦਿਆਂ ਹੀ ਡਾਇਓਸਿਸ ਆਫ ਜਲੰਧਰ ਦੇ ਮੌਨਸੀਅਰ ਫਾਦਰ ਮੈਥਿਊ ਕੋਕਨਧਾਮ ਸਮੇਤ ਉਹ ਵੀ ਦਸੂਹਾ ਪਹੁੰਚੇ ਅਤੇ ਡਾਇਓਸਿਸ ਆਫ ਜਲੰਧਰ ਦੇ ਮੌਨਸੀਅਰ ਫਾਦਰ ਮੈਥਿਊ ਕੋਕਨਧਾਮ ਨੇ ਐੱਸਡੀਐੱਮ ਦਸੂਹਾ ਨੂੰ ਇਸ ਸਬੰਧੀ ਲਿਖਤੀ ਪੱਤਰ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਥੋਲਿਕ ਮਿਸ਼ਨ ਨੇ ਐੱਸਡੀਐਮ ਦਸੂਹਾ ਨੂੰ ਲਿਖਤੀ ਪੱਤਰ ਦੇ ਕੇ ਫਾਦਰ ਕੁਰੀਆਕੋਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਅਤੇ ਹੋਈ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।