ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਇੰਡੋਨੇਸ਼ੀਆ ‘ਚ ਸੁਨਾਮੀ ਦੇ ਕਹਿਰ ‘ਚ ਗਈ 832 ਲੋਕਾਂ ਦੀ ਜਾਨ
ਇੰਡੋਨੇਸ਼ੀਆ ‘ਚ ਸੁਨਾਮੀ ਦੇ ਕਹਿਰ ‘ਚ ਗਈ 832 ਲੋਕਾਂ ਦੀ ਜਾਨ
Page Visitors: 2431

ਇੰਡੋਨੇਸ਼ੀਆ ‘ਚ ਸੁਨਾਮੀ ਦੇ ਕਹਿਰ ‘ਚ ਗਈ 832 ਲੋਕਾਂ ਦੀ ਜਾਨਇੰਡੋਨੇਸ਼ੀਆ ‘ਚ ਸੁਨਾਮੀ ਦੇ ਕਹਿਰ ‘ਚ ਗਈ 832 ਲੋਕਾਂ ਦੀ ਜਾਨ

September 30
11:29 2018

ਪਾਲੂ, 30 ਸਤੰਬਰ (ਪੰਜਾਬ ਮੇਲ)- ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਚ ਸ਼ੁੱਕਰਵਾਰ ਨੂੰ ਆਏ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 832 ਹੋ ਗਈ ਹੈ। ਸਭ ਤੋਂ ਵਧ ਪ੍ਰਭਾਵਿਤ ਹੋਏ ਪਾਲੂ ਸ਼ਹਿਰ ‘ਚ ਰਾਹਤ ਅਤੇ ਬਚਾਅ ਕਰਮਚਾਰੀਆਂ ਦੇ ਪੁੱਜਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਕ ਆਫਤ ਏਜੰਸੀ ਦੀ ਲਾਪਰਵਾਹੀ ਕਾਰਨ ਮ੍ਰਿਤਕਾਂ ਦੀ ਗਿਣਤੀ ਵਧੀ ਹੈ। ਏਜੰਸੀ ਨੇ ਭੂਚਾਲ ਦੇ ਪਹਿਲੇ ਝਟਕੇ ਮਗਰੋਂ ਸੁਨਾਮੀ ਆਉਣ ਦੀ ਚਿਤਾਵਨੀ ਦਿੱਤੀ ਸੀ ਪਰ ਇਸ ਦੇ 34 ਮਿੰਟਾਂ ਬਾਅਦ ਚਿਤਾਵਨੀ ਵਾਪਸ ਲੈ ਲਈ। ਇਸ ਕਾਰਨ ਲੋਕ ਬੇਫਿਕਰ ਹੋ ਗਏ। ਜੇਕਰ ਏਜੰਸੀ ਇਨ੍ਹਾਂ 34 ਮਿੰਟਾਂ ‘ਚ ਚਿਤਾਵਨੀ ਵਾਪਸ ਨਾ ਲੈਂਦੀ ਤਾਂ ਸ਼ਾਇਦ ਕਈ ਜ਼ਿੰਦਗੀਆਂ ਬਚ ਸਕਦੀਆਂ ਸਨ।
ਚਿਤਾਵਨੀ ਵਾਪਸ ਲੈਣ ਕਾਰਨ ਲੋਕ ਸੁਰੱਖਿਅਤ ਥਾਵਾਂ ‘ਤੇ ਨਹੀਂ ਜਾ ਸਕੇ। ਪਾਲੂ ਸ਼ਹਿਰ ‘ਚ ਹਜ਼ਾਰਾਂ ਲੋਕ ਬੀਚ ਫੈਸਟੀਵਲ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਸੁਨਾਮੀ ਦੀ ਗਲਤ ਜਾਣਕਾਰੀ ਦੇਣ ਵਾਲੀ ਏਜੰਸੀ ਦੀ ਆਲੋਚਨਾ ਹੋ ਰਹੀ ਹੈ। ਸ਼ੁੱਕਰਵਾਰ ਨੂੰ ਪਹਿਲਾਂ 6.1 ਤੀਬਰਤਾ ਵਾਲੇ ਭੂਚਾਲ ਆਇਆ ਸੀ ਅਤੇ ਇਸ ਮਗਰੋਂ ਦੋ ਵਾਰ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਨ੍ਹਾਂ ਦੀ ਤੀਬਰਤਾ 7.5 ਰਹੀ। ਇਸ ਦੇ 3 ਘੰਟਿਆਂ ਦੇ ਅੰਦਰ ਹੀ ਪਾਲੂ ਅਤੇ ਡੋਂਗਲਾ ਸ਼ਹਿਰ ‘ਚ ਸੁਨਾਮੀ ਆ ਗਈ।
ਇਕ ਖਬਰ ਏਜੰਸੀ ਮੁਤਾਬਕ ਪਾਣੀ ਦੀਆਂ ਲਹਿਰਾਂ 10 ਤੋਂ 17 ਫੁੱਟ ਤਕ ਉੱਚੀਆਂ ਉੱਠੀਆਂ ਅਤੇ ਆਪਣੇ ਨਾਲ ਕਈ ਲੋਕਾਂ ਨੂੰ ਵਹਾ ਕੇ ਲੈ ਗਈਆਂ। ਕਈ ਲੋਕ ਸੁਨਾਮੀ ਦੀ ਚਪੇਟ ‘ਚ ਆਉਣ ਕਾਰਨ ਲਾਪਤਾ ਹੋ ਗਏ ਹਨ ਉਨ੍ਹਾਂ ਬਾਰੇ ਹੁਣ ਤਕ ਕੋਈ ਜਾਣਕਾਰੀ ਨਹੀਂ ਹੈ।
ਪਾਲੂ ਸ਼ਹਿਰ ‘ਚ ਫੋਨ ਤੇ ਬਿਜਲੀ ਸੇਵਾਵਾਂ ਠੱਪ :
ਇੰਡੋਨੇਸ਼ੀਆ ‘ਚ ਲਗਭਗ 6 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪਾਲੂ ਸ਼ਹਿਰ ‘ਚ ਫੋਨ ਅਤੇ ਬਿਜਲੀ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਿਹਾ ਕਿ ਇਲਾਕੇ ‘ਚ ਫੌਜ ਨੂੰ ਬੁਲਾਇਆ ਗਿਆ ਹੈ ਤਾਂ ਕਿ ਉਹ ਪੀੜਤਾਂ ਤਕ ਪੁੱਜਣ ਅਤੇ ਲਾਸ਼ਾਂ ਨੂੰ ਲੱਭਣ ‘ਚ ਖੋਜ ਮੁਹਿੰਮ ਨੂੰ ਤੇਜ਼ ਕਰ ਸਕਣ। ਕੁੱਝ ਸਰਕਾਰੀ ਜਹਾਜ਼ ਰਾਹਤ ਸਮੱਗਰੀ ਲੈ ਕੇ ਪਾਲੂ ਦੇ ਮੁੱਖ ਹਵਾਈ ਅੱਡੇ ਤਕ ਪੁੱਜੇ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਤਕ ਇਹ ਹਵਾਈ ਅੱਡਾ ਕਮਰਸ਼ੀਅਲ ਉਡਾਣਾਂ ਲਈ ਬੰਦ ਰਹੇਗਾ।
ਤਕਰੀਬਨ ਸਾਢੇ ਤਿੰਨ ਲੱਖ ਦੀ ਆਬਾਦੀ ਵਾਲੇ ਪਾਲੂ ਸ਼ਹਿਰ ‘ਚ ਸ਼ੁੱਕਰਵਾਰ ਨੂੰ ਭਾਰੀ ਤਬਾਹੀ ਹੋਈ ਹੈ। ਅਧਿਕਾਰੀਆਂ ਮੁਤਾਬਕ, ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਬਹੁਤ ਸਾਰੇ ਜ਼ਖਮੀਆਂ ਦਾ ਇਲਾਜ ਸੜਕਾਂ ‘ਤੇ ਹੀ ਹੋ ਰਿਹਾ ਹੈ ਕਿਉਂਕਿ ਇੰਨੀ ਵੱਡੀ ਗਿਣਤੀ ‘ਚ ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਨਾ ਔਖਾ ਹੋ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.