ਸਾਊਦੀ ਅਰਬ ‘ਚ ਵਿਯਾਮ ਅਲ ਦਖੀਲ ਆਨ ਏਅਰ ਖ਼ਬਰ ਪੜ੍ਹਨ ਵਾਲੀ ਪਹਿਲੀ ਮਹਿਲਾ ਨਿਊਜ਼ ਐਂਕਰ ਬਣੀ
ਨਵੀਂ ਦਿੱਲੀ, 24 ਸਤੰਬਰ (ਪੰਜਾਬ ਮੇਲ)- ਬਦਲਦੇ ਦੌਰ ਦੇ ਨਾਲ ਹੌਲੀ ਹੌਲੀ ਹੀ ਸਹੀ ਸਾਊਦੀ ਅਰਬ ਵੀ ਅਪਣੇ ਨਿਯਮਾਂ ਵਿਚ ਬਦਲਾਅ ਕਰ ਰਿਹਾ ਹੈ। ਇਹ ਬਦਲਾਅ ਮਹਿਲਾਵਾਂ ਨੂੰ ਲੈ ਕੇ ਬਣੇ ਕੜੇ ਨਿਯਮਾਂ ਅਤੇ ਰੂੜੀਵਾਦੀ ਵਿਚਾਰਾਂ ਵਿਚ ਹੋ ਰਹੇ ਹਨ, ਜਿਸ ਦਾ ਤਾਜ਼ਾ ਉਦਾਹਰਣ ਉਦੋਂ ਦੇਖਣ ਨੂੰ ਮਿਲਿਆ ਜਦ ਸਾਊਦੀ ਅਰਬ ਦੀ ਵਿਯਾਮ ਅਲ ਦਖੀਲ ਆਨ ਏਅਰ ਖ਼ਬਰ ਪੜ੍ਹਨ ਵਾਲੀ ਪਹਿਲੀ ਮਹਿਲਾ ਨਿਊਜ਼ ਐਂਕਰ ਬਣੀ।
ਵਿਯਾਮ ਨੇ ਸਰਕਾਰੀ ਚੈਨਲ ਸਓਦੀਆ ‘ਤੇ ਉਮਰ ਅਲ ਨਾਸ਼ਵਾਨ ਦੇ ਨਾਲ ਮੁੱਖ ਖ਼ਬਰਾਂ ਪੜ੍ਹੀਆਂ ਸਨ। ਸਾਊਦੀ ਅਰਬ ਵਿਚ ਇੱਕ ਮਹਿਲਾ ਦਾ ਪਹਿਲੀ ਵਾਰ ਆਨ ਏਅਰ ਖ਼ਬਰ ਪੜ੍ਹਨਾ ਇਹ ਸਾਬਤ ਕਰਦਾ ਹੈ ਕਿ ਅਧਿਕਾਰਾਂ ਵਿਚ ਫੇਰਬਦਲ ਦੇਰ ਨਾਲ ਹੀ ਸਹੀ ਪ੍ਰੰਤੂ ਹੋ ਰਿਹਾ ਹੈ।
ਦੱਸ ਦੇਈਏ ਕਿ ਵਿਯਾਮ ਅਲ ਦਖੀਲ ਪੱਤਰਕਾਰਤਾ ਦੇ ਪੇਸ਼ੇ ਨਾਲ ਹੀ ਜੁੜੀ ਹੋਈ ਹੈ। ਇਸ ਤੋਂ ਪਹਿਲਾਂ ਉਹ ਸੀਐਨਬੀ ਅਰਬੀਆ ਦੇ ਲਈ ਕੰਮ ਕਰ ਚੁੱਕੀ ਹੈ। ਸਾਊਦੀ ਵਿਚ ਇਹ ਕਦਮ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਵਿਜ਼ਲ 2030 ਤਹਿਤ ਚੁੱਕਿਆ ਗਿਆ ਹੈ। ਇਸ ਦੇ ਤਹਿਤ ਹੁਣ ਸਾਊਦੀ ਵਿਚ ਮਹਿਲਾਵਾਂ ਦੀ ਆਜ਼ਾਦੀ ਦੇ ਲÂਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਖੇਤਰਾਂ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਈ ਜਾ ਸਕੇ। ਪ੍ਰਿੰਸ ਦੇ ਵਿਜ਼ਨ 2030 ਦੇ ਤਹਿਤ ਹੁਣ ਮਹਿਲਾਵਾਂ ਨੂੰ ਸਾਊਦੀ ਅਰਬ ਵਿਚ ਡਰਾਈਵਿੰਗ ਦੀ ਆਜ਼ਾਦੀ ਅਤੇ ਫੁੱਟਬਾਲ ਮੈਚ ਦੇਖਣ ਦੀ ਛੋਟ ਦਿੱਤੀ ਗਈ ਹੈ। ਨੌਕਰੀਆਂ ਵਿਚ ਵੀ ਮਹਿਲਾਵਾਂ ਨੂੰ ਹੁਣ ਜ਼ਿਆਦਾ ਮੌਕੇ ਦਿੱਤੇ ਜਾ ਰਹੇ ਹਨ। ਪ੍ਰਿੰਸ ਮੁਹੰਮਦ ਸਲਮਾਨ ਨੇ ਪ੍ਰਸਤਾਵ ਰੱਖਿਆ ਕਿ ਇਸ ਦਹਾਕੇ ਵਿਚ ਨੌਕਰੀ ਦੇ ਖੇਤਰ ਵਿਚ ਮਹਿਲਾਵਾਂ ਦੀ ਗਿਣਤੀ ਇਕ ਤਿਹਾਈ ਹੋ ਜਾਵੇ। ਅਜੇ ਉਥੇ ਨੌਕਰੀਆਂ ਵਿਚ ਮਹਿਲਾਵਾਂ ਦੀ ਹਿੱਸੇਦਾਰੀ 22 ਫ਼ੀਸਦੀ ਹੈ।