ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ
ਵਾਸ਼ਿੰਗਟਨ/ ਚੰਡੀਗੜ੍ਹ, 23 ਸਤੰਬਰ (ਪੰਜਾਬ ਮੇਲ)- ਸਕਾਰਾਤਮਕ ਸੋਚ ਅਤੇ ਮੁਸ਼ਕਿਲਾਂ ਨਾਲ ਲੜਨ ਲਈ ਜਜ਼ਬਾ ਇਨਸਾਨ ਨੂੰ ਦੂਜਿਆਂ ਦਾ ਪ੍ਰੇਰਨਾ ਸਰੋਤ ਬਣਾ ਦਿੰਦਾ ਹੈ। ਚੰਡੀਗੜ੍ਹ ਦੇ ਇਕ ਜੋੜੇ ਨੇ ਵੀ ਕੁੱਝ ਅਜਿਹਾ ਹੀ ਕਾਰਨਾਮਾ ਕਰ ਕੇ ਦਿਖਾਇਆ ਹੈ। ਇਹ ਜੋੜਾ ਬੀਤੇ 8 ਸਾਲਾਂ ਤੋਂ ਇਕ ਹੀ ਲੀਵਰ ਦੇ ਸਹਾਰੇ ਜ਼ਿੰਦਗੀ ਜੀਅ ਰਿਹਾ ਹੈ ਪਰ ਉਨ੍ਹਾਂ ਦਾ ਜਿਊਣ ਦਾ ਜਜ਼ਬਾ ਸਭ ਨੂੰ ਪ੍ਰੇਰਿਤ ਕਰਦਾ ਹੈ। ਇਨ੍ਹਾਂ ਦਾ ਨਾਂ ਹੈ ਪ੍ਰਵੀਨ ਕੁਮਾਰ ਰਤਨ ਅਤੇ ਰੂਪਾ ਅਰੋੜਾ। ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਦੋਹਾਂ ਨੇ 7-7 ਗੋਲਡ ਮੈਡਲ ਜਿੱਤ ਕੇ ਨਵਾਂ ਰਿਕਾਰਡ ਬਣਾਇਆ। ਭਾਰਤ ਤੋਂ ਇਸ ਮੁਕਾਬਲੇ ‘ਚ ਹਿੱਸਾ ਲੈਣ ਵਾਲਾ ਇਹ ਇਕੱਲਾ ਜੋੜਾ ਹੈ।
ਪ੍ਰਵੀਨ ਯੂ.ਟੀ. ਸਕੱਤਰੇਤ ਦੇ ਇੰਜੀਨੀਅਰਿੰਗ ਵਿਭਾਗ ‘ਚ ਸੀਨੀਅਰ ਅਕਾਊਂਟ ਅਫਸਰ ਹਨ ਜਦ ਕਿ ਉਨ੍ਹਾਂ ਦੀ ਪਤਨੀ ਸੈਕਟਰ 38 ‘ਚ ਸਰਕਾਰੀ ਸਕੂਲ ‘ਚ ਅਧਿਆਪਕਾ ਹੈ। ਦੋਹਾਂ ਨੇ ਟਰਾਂਸਪਲਾਂਟ ਗੇਮਜ਼ ਆਫ ਅਮਰੀਕਾ ‘ਚ 14 ਮੈਡਲ ਜਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੁਕਾਬਲੇ ‘ਚ ਅਜਿਹੇ ਲੋਕ ਵਿਅਕਤੀ ਹਿੱਸਾ ਲੈਂਦੇ ਹਨ, ਜਿਨ੍ਹਾਂ ਨੇ ਕਿਸੇ ਨੂੰ ਅੰਗਦਾਨ ਕੀਤੇ ਹੋਣ। ਰੂਪਾ ਨੇ ਆਪਣੇ ਪਤੀ ਨੂੰ ਇਕ ਲੀਵਰ ਦਾ 65 ਫੀਸਦੀ ਹਿੱਸਾ ਦਾਨ ਕੀਤਾ ਹੈ, ਜਿਸ ਕਾਰਨ ਉਸ ਦੇ ਪਤੀ ਦੀ ਜ਼ਿੰਦਗੀ ਬਚੀ ਹੋਈ ਹੈ।
2 ਤੋਂ 7 ਅਗਸਤ ਤਕ ਅਮਰੀਕਾ ‘ਚ ਇਹ ਮੁਕਾਬਲਾ ਚੱਲਿਆ ਅਤੇ ਇਸ ਮੁਕਾਬਲੇ ‘ਚ 540 ਲੋਕਾਂ ਨੇ ਹਿੱਸਾ ਲਿਆ ਸੀ। ਦੋਹਾਂ ਨੇ 100 ਮੀਟਰ, 1500 ਮੀਟਰ, ਡਿਸਕ ਥਰੋ, ਜੈਵਲੀਨ ਥਰੋ, ਸਾਫਟ ਬਾਲ, ਸਾਈਕਲਿੰਗ ਵਰਗੀਆਂ ਖੇਡਾਂ ‘ਚ ਹਿੱਸਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਵੀ ਅੰਗ ਦਾਨ ਕਰਨ ਅਤੇ ਹੋਰਾਂ ਦੀ ਜ਼ਿੰਦਗੀ ਨੂੰ ਬਚਾਉਣ।