ਕੇਰਲ ‘ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਖਾਲਸਾ ਏਡ ਸੰਸਥਾ ਮਦਦ ਲਈ ਅੱਗੇ ਆਈ
ਜਲੰਧਰ, 18 ਅਗਸਤ (ਪੰਜਾਬ ਮੇਲ)- ਭਿਆਨਕ ਹੜ੍ਹ ਦਾ ਸਾਹਮਣਾ ਕਰਨ ਰਹੇ ਕੇਰਲ ਵਾਸੀਆਂ ਲਈ ਵਿਸ਼ਵ ਪ੍ਰਸਿੱਧ ਖਾਲਸਾ ਏਡ ਸੰਸਥਾ ਮਦਦ ਲਈ ਅੱਗੇ ਆਈ ਹੈ। ਖਾਲਸਾ ਏਡ ਦੇ ਵਾਲੰਟੀਅਰਾਂ ਵਲੋਂ ਹੜ੍ਹ ਵਿਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਏਸ਼ੀਆ ਦੇ ਸੀ. ਈ. ਓ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੋਂ 4 ਤੇ ਸਥਾਨਕ 7 ਵਾਲੰਟੀਅਰਾਂ ਵਲੋਂ ਹੜ੍ਹ ਪੀੜਤਾ ਦੀ ਮਦਦ ਲਈ ਕਾਰਜ ਆਰੰਭੇ ਗਏ ਹਨ।
ਅਮਰਪ੍ਰੀਤ ਨੇ ਦੱਸਿਆ ਕਿ ਕੋਚੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਰੋਜ਼ਾਨਾ ਲੰਗਰ ਤਿਆਰ ਕਰਕੇ ਲੋੜਮੰਦ ਲੋਕਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਕਾਰਜ ਵਿਚ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਅਮਰਪ੍ਰੀਤ ਨੇ ਦੱਸਿਆ ਕਿ ਖਾਲਸਾ ਏਡ ਵਲੋਂ ਲਗਭਗ 2 ਮਹੀਨੇ ਤਕ ਉਥੇ ਰਹਿ ਕੇ ਹੜ੍ਹ ਪੀੜਤਾ ਦੀ ਮਦਦ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ 100 ਸਾਲ ‘ਚ ਪਹਿਲੀ ਵਾਰ ਕੇਰਲ ‘ਚ ਲਗਾਤਾਰ ਅਜਿਹੀ ਬਾਰਿਸ਼ ਹੋਈ ਹੈ ਜਿਸ ਕਾਰਨ ਹੁਣ ਤੱਕ 324 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2, 857 ਲੋਕ ਬੇਘਰ ਹੋ ਗਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕੇਰਲ ਦੇ ਕੌਂਲਮ, ਪਥਾਨਾਮਥਿਟੱਟਾ, ਏਰਨਾਕੁਲਮ, ਕੋਟਾਟਾਇਮ, ਇਡੁਕਕੀ, ਏਰਨਾਕੂਲਮ, ਪਲੱਕੜ, ਕੋਝੀਕੋਡ ਅਤੇ ਵਾਯਨਾਡ ਜ਼ਿਲਿਆਂ ‘ਚ 17 ਅਤੇ 18 ਅਗਸਤ ਨੂੰ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।