ਅਫ਼ਗਾਨਿਸਤਾਨ ਆਤਮਘਾਤੀ ਹਮਲਾ : ਫੱਟੜ ਛੇ ਸਿੱਖ ਇਲਾਜ ਲਈ ਦਿੱਲੀ ਆਏ
ਨਵੀਂ ਦਿੱਲੀ, 19 ਜੁਲਾਈ (ਪੰਜਾਬ ਮੇਲ)- ਅਫ਼ਗਾਨਿਸਤਾਨ ਵਿੱਚ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 12 ਸਿੱਖਾਂ ਅਤੇ ਇਕ ਹਿੰਦੂ ਦੀਆਂ ਅਸਥੀਆਂ ਨੂੰ ਅੱਜ ਦਿੱਲੀ ਲਿਆਂਦਾ ਗਿਆ। ਇਸ ਦੇ ਨਾਲ ਹੀ ਹਮਲੇ ਵਿੱਚ ਜ਼ਖ਼ਮੀ ਹੋਏ ਸਿੱਖ ਵੀ ਇਲਾਜ ਲਈ ਇਥੇ ਪੁੱਜ ਗਏ ਹਨ। ਅਸਥੀਆਂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਿਊ ਮਹਾਬੀਰ ਨਗਰ ਵਿਖੇ ਦੋ ਦਿਨਾਂ ਸੰਗਤਾਂ ਦੇ ਦਰਸ਼ਨ ਲਈ ਰੱਖਣ ਉਪਰੰਤ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਸਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਸਥੀਆਂ ਦੇ ਨਾਲ ਹੀ ਹਮਲੇ ਦੌਰਾਨ ਫੱਟੜ ਹੋਏ ਛੇ ਸਿੰਘ ਵੀ ਦਿੱਲੀ ਦੇ ਏਮਜ਼ ਵਿਖੇ ਇਲਾਜ ਕਰਾਉਣ ਲਈ ਨਾਲ ਆਏ ਹਨ, ਜਿਨ੍ਹਾਂ ਵਿਚ ਸਤਪਾਲ ਸਿੰਘ, ਗੁਰਮੀਤ ਸਿਘ, ਮਨਜੀਤ ਸਿੰਘ, ਮਨਿੰਦਰ ਸਿੰਘ , ਨਰਿੰਦਰ ਸਿੰਘ, ਨਰਿੰਦਰ ਪਾਲ ਸਿੰਘ ਅਤੇ ਰਵਿੰਦਰ ਕੌਰ ਸ਼ਾਮਲ ਹਨ। ਇਸ ਤੋਂ ਪਹਿਲਾਂ ਇਕਬਾਲ ਸਿੰਘ ਨੂੰ ਵੀ ਦਿੱਲੀ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ। ਦਰਅਸਲ 1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ ਨੂੰ ਆਤਮਘਾਤੀ ਹਮਲਾਵਰ ਨੇ ਆਪਣੇ ਸਣੇ ਬੰਬ ਨਾਲ ਉਡਾ ਦਿੱਤਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਫਟੱੜ ਹੋਏ ਸਿੱਖਾਂ ਦੇ ਇਲਾਜ ਲਈ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨ ਉਪਰੰਤ ਏਮਜ਼ ਵਿਖੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਫਟੱੜ ਹੋਏ ਸਿੱਖਾਂ ਦੇ ਨਾਲ ਆਏ ਤਿਮਾਰਦਾਰਾਂ ਦੇ ਰਹਿਣ ਦਾ ਖਰਚ ਦਿੱਲੀ ਕਮੇਟੀ ਚੁੱਕੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ,ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਮੌਜੂਦ ਸਨ।