ਚੈਂਪੀਅਨਜ਼ ਹਾਕੀ ਟਰਾਫੀ ‘ਚ ਭਾਰਤ ਦੀ ਲਗਾਤਾਰ ਦੂਸਰੀ ਜਿੱਤ, ਅਰਜਨਟੀਨਾ ਨੂੰ 2-1 ਨਾਲ ਹਰਾਇਆ
ਚੈਂਪੀਅਨਜ਼ ਹਾਕੀ ਟਰਾਫੀ ‘ਚ ਭਾਰਤ ਦੀ ਲਗਾਤਾਰ ਦੂਸਰੀ ਜਿੱਤ, ਅਰਜਨਟੀਨਾ ਨੂੰ 2-1 ਨਾਲ ਹਰਾਇਆ
ਚੈਂਪੀਅਨਜ਼ ਹਾਕੀ ਟਰਾਫੀ ‘ਚ ਭਾਰਤ ਦੀ ਲਗਾਤਾਰ ਦੂਸਰੀ ਜਿੱਤ, ਅਰਜਨਟੀਨਾ ਨੂੰ 2-1 ਨਾਲ ਹਰਾਇਆ
By : ਬਾਬੂਸ਼ਾਹੀ ਬਿਊਰੋ
Sunday, Jun 24, 2018 05:56 PM
ਹਾਲੈਂਡ : ਹਾਲੈਂਡ ਦੇ ਸ਼ਹਿਰ ਬਰੇਟਾ ਵਿਖੇ ਚੱਲ ਰਹੀ ਵਿਸ਼ਵ ਦੀ ਆਖ਼ਰੀ 37ਵੀਂ ਚੈਂਪੀਅਨਜ਼ ਟਰਾਫੀ ਵਿਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਆਗਾਜ਼ ਕਰਦਿਆਂ ਆਪਣੇ ਪਹਿਲੇ ਦੋ ਮੈਚਾਂ ਵਿਚ ਲਗਾਤਾਰ ਜਿੱਤਾਂ ਹਾਸਲ ਕਰਕੇ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿਚ ਹੁਣ ਤੱਕ ਦੀ ਇਹ ਅਹਿਮ ਪ੍ਰਾਪਤੀ ਕੀਤੀ ਹੈ। 40 ਸਾਲਾ ਚੈਂਪੀਅਨਜ਼ ਟਰਾਫਿ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਪਣੇ ਪਹਿਲੇ ਮੈਚਾਂ ਵਿਚ ਦੋ ਲਗਾਤਾਰ ਜਿੱਤਾਂ ਹਾਸਲ ਕੀਤੀਆਂ ਹੋਣ।
ਭਾਰਤ ਨੇ ਅੱਜ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਵੱਡਾ ਉਲਟ ਫੇਰ ਕੀਤਾ। ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਅਰਜਨਟੀਨਾ ਦਾ ਭਾਰਤ ਉਪਰ ਜੇਤੂ ਦਬਦਬਾ ਬਣਿਆ ਹੋਇਆ ਸੀ ਜਿਸਨੂੰ ਤੋੜਦਿਆਂ ਅੱਜ ਭਾਰਤੀ ਹਾਕੀ ਟੀਮ ਨੇ ਨਾ ਸਿਰਫ ਵਾਇਲਡ ਹਾਕੀ ਲੀਗ ਦੇ ਸੈਮੀਫਾਈਨਲ ਵਿਚ ਹੋਈ ਆਪਣੀ ਹਾਰ ਦਾ ਬਦਲਾ ਲਿਆ ਸਗੋਂ ਪੂਲ ਵਿਚ 6 ਅੰਕਾਂ ਨਾਲ ਸਰਵੋਤਮ ਸਥਾਨ ਵੀ ਹਾਸਲ ਕਰ ਲਿਆ ਹੈ।
ਅੱਜ ਦੇ ਮੈਚ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਮੁਜਾਹਰਾ ਕੀਤਾ। ਭਾਰਤ ਵੱਲੋਂ ਪਹਿਲਾ ਗੋਲ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਜ਼ਰੀਏ ਕੀਤਾ। ਜਦਕਿ ਦੂਸਰਾ ਗੋਲ ਦੂਜੇ ਕੁਆਟਰ ਵਿਚ ਹੀ ਦਿਲਪ੍ਰੀਤ ਸਿੰਘ ਦੇ ਪਾਸ 'ਤੇ ਮਨਦੀਪ ਸਿੰਘ ਨੇ ਕੀਤਾ। ਮਨਦੀਪ ਸਿੰਘ ਦਾ ਟੂਰਨਾਮੈਂਟ ਵਿਚ ਇਹ ਦੂਸਰਾ ਗੋਲ ਸੀ।
ਭਾਵੇਂ ਅਰਜਨਟੀਨਾ ਦੇ ਪੈਨਲਟੀ ਕਾਰਨਰ ਦੇ ਮਾਹਿਰ ਗੋਜੈਲੋ ਨੇ ਪੈਨਲਟੀ ਕਾਰਨਰ ਜ਼ਰੀਏ ਇਕ ਗੋਲ ਕਰਕੇਮ ਮੈਚ ਰੋਮਾਂਚਕ ਸਥਿਤੀ ਵਿਚ ਲੈ ਆਂਦਾ ਪਰ ਅਰਜਨਟੀਨਾ ਨੇ ਬਰਾਬਰੀ 'ਤੇ ਆਉਣ ਲਈ ਆਖਰੀ ਕੁਆਟਰ ਵਿਚ ਕਾਫੀ ਪਸੀਨਾ ਵਹਾਇਆ।
ਪਰ ਭਾਰਤੀ ਰੱਖਿਆ ਪੰਗਤੀ ਖਾਸ ਕਰਕੇ ਗੋਲਕੀਪਰ ਪੀ.ਆਰ. ਸ਼ੀਗੇਸ਼ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ। ਇਸਤੋਂ ਪਹਿਲਾਂ ਭਾਰਤ ਨੇ ਬੀਤੇ ਕੱਲ੍ਹ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਧੋਬੀ ਪਟਕਾ ਮਾਰਿਆ ਸੀ। ਜਦਕਿ ਦੂਸਰੇ ਮੈਚਾਂ ਵਿਚ ਅਰਜਨਟੀਨਾ ਨੇ ਵੱਡਾ ਉਲਟਫੇਰ ਕਰਦਿਆਂ ਮੇਜ਼ਬਾਨ ਹਾਲੈਂਡ ਨੂੰ 2-1 ਨਾਲ ਹਰਾਇਆ।
ਜਦਕਿ ਵਰਤਮਾਨ ਚੈਂਪੀਅਨ ਆਸਟਰੇਲੀਆ ਅਤੇ ਬੈਲਜੀਆਮ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਮੁਕਾਬਲੇ 3-3 ਗੋਲਾਂ ਦੀ ਬਰਾਬਰੀ 'ਤੇ ਰਿਹਾ। ਜਿਸਤੋਂ ਇਲਾਵਾ ਅੱਜ ਹਾਲੈਂਡ ਅਤੇ ਬੈਲਜੀਅਮ ਆਪਣਾ ਜੇਤੂ ਖਾਤਾ ਖੋਲ੍ਹਣ ਲਈ ਭਿੜਨਗੇ। ਪਾਕਿਸਤਾਨ ਆਸਟ੍ਰੇਲੀਆ ਨਾਲ ਦੋ ਹੱਥ ਕਰੇਗਾ।
1 ਜੁਲਾਈ ਤੱਕ ਚੱਲਣ ਵਾਲੀ ਇਸ ਵਿਸ਼ਵ ਪੱਧਰੀ ਚੈਂਪੀਅਨਜ਼ ਟਰਾਫੀ ਵਿਚ ਅਜੇ ਜੋਇ ਹੋਰ ਵੱਡੇ ਉਲਟਫੇਰ ਹੋਣ ਦੀ ਸੰਭਾਵਨਾ ਹੈ ।
ਇਹ ਸਮਾਂ ਦੱਸੇਗਾ ਕਿ ਭਾਰਤੀ ਹਾਕੀ ਟੀਮ ਆਪਣੀ ਜੇਤੂ ਲਹਿਰ ਨੂੰ ਕਿੰਨਾ ਕੁ ਬਰਕਰਾਰ ਰਖਦੀ ਹੈ ਕਿਉਂਕਿ ਉਸਦੇ ਅਗਲੇ ਮੁਕਾਬਲੇ ਜੋ 27 ਜੂਨ ਨੂੰ ਆਸਟ੍ਰੇਲੀਆ ਵਿਰੁੱਧ, 28 ਜੂਨ ਨੁੰ ਬੈਲਜੀਅਮ ਵਿਰੁੱਧ ਅਤੇ 30 ਜੂਨ ਨੂੰ ਹਾਲੈਂਡ ਵਿਰੁੱਧ ਹੋਣੇ ਹਨ। ਉਹ ਕਿਸੇ ਸੌਖੇ ਇਮਤਿਹਾਨ ਦੀ ਘੜੀ ਨਹੀਂ ਹਨ। ਅਗਰ ਭਾਰੀ ਹਾਕੀ ਟੀਮ ਇਸ ਵਕਾਰੀ ਟੂਰਨਾਮੈਂਟ ਵਿਚ ਚੈਂਪੀਅਨ ਬਣਦੀ ਹੈ ਜਾਂ ਉਪ ਜੇਤੂ ਵੀ ਰਹਿੰਦੀ ਹੈ ਤਾਂ ਇਹ ਜੇਤੂ ਇਤਿਹਾਸ ਹਮੇਸ਼ਾ ਉਸਦੇ ਨਾਮ ਰਹੇਗਾ। ਪਰ 1 ਜੁਲਾਈ ਦੀ ਸ਼ਾਮ ਨੂੰ ਹੋਣ ਵਾਲਾ ਫਾਈਨਲ ਮੁਕਾਬਲਾ ਹੀ ਦੱਸੇਗਾ ਕਿ ਕਿਹੜੀਆਂ ਟੀਮਾਂ ਇਸ ਜੇਤੂ ਇਤਿਹਾਸ ਦਾ ਪਾਤਰ ਬਣਦੀਆਂ ਹਨ।