ਖ਼ਬਰਾਂ
ਸਿੱਖਾਂ ਨੂੰ ਸ਼ਿਲਾਂਗ ‘ਚ ਫ਼ੋਨ ‘ਤੇ ਮਿਲੀਆਂ ਧਮਕੀਆਂ, ਕਰਫਿਊ ਜਾਰੀ
Page Visitors: 2410
ਸਿੱਖਾਂ ਨੂੰ ਸ਼ਿਲਾਂਗ ‘ਚ ਫ਼ੋਨ ‘ਤੇ ਮਿਲੀਆਂ ਧਮਕੀਆਂ, ਕਰਫਿਊ ਜਾਰੀ
June 17
12:00 2018
ਕੀ ਹੈ ਤਾਜ਼ਾ ਘਟਨਾ-
15 ਜੂਨ ਨੂੰ ਕੁਝ ਸਿੱਖ ਨੌਜਵਾਨਾਂ ਨੂੰ ਅਣਪਛਾਤੇ ਨੰਬਰਾਂ ਤੋਂ ਫੋਨ ‘ਤੇ ਧਮਕੀਆਂ ਮਿਲੀਆਂ, ਕਿ 16,17,18 ਤੇ 19 ਜੂਨ ਨੂੰ ਤਿਆਰ ਰਹੋ, ਅਸੀਂ ਫੇਰ ਆਵਾਂਗੇ। ਇਸ ਤੋਂ ਬਾਅਦ 15 ਜੂਨ ਨੂੰ ਹੀ ਸ਼ਿਲਾਂਗ ਦੇ ਐਸਪੀ ਡੇਵਿਸ ਆਨਆਰ ਮਾਰਕ ਨੇ ਗੁਰਦੁਆਰਾ ਪ੍ਰਧਾਨ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਅਫਵਾਹਾਂ ‘ਤੇ ਯਕੀਨ ਨਾ ਕਰਨ ਨੂੰ ਕਿਹਾ। 16 ਜੂਨ ਨੂੰ ਦੁਪਹਿਰ 3 ਵਜੇ ਤੋਂ 18 ਜੂਨ ਦੁਪਹਿਰ 3 ਵਜੇ ਤਕ ਮੁੜ ਤੋਂ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ। 16 ਜੂਨ ਨੂੰ ਪੰਜਾਬੀ ਲੇਨ ਤੇ ਗੋਰਾ ਲੇਨ ਇਲਾਕੇ ਵਿੱਚ ਵਸਦੇ ਸਿੱਖਾਂ ਨੇ ਪੂਰੀ ਰਾਤ ਗੁਰੂ ਘਰਾਂ ਦੀ ਰਾਖੀ ਕੀਤੀ।
ਖਾਸੀ ਆਗੂ ਦਾ ਸਟੈਂਡ-
ਸਿੱਖ ਭਾਈਚਾਰੇ ਦੇ ਲੋਕਾਂ ਚ ਹਾਲੇ ਤੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਖਾਸੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਲੈਂਬੌਕ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ ਕਿਹਾ, “ਅਸੀਂ ਪੰਜਾਬੀ ਲੇਨ ਹਰ ਹਾਲਤ ਵਿੱਚ ਖਾਲੀ ਕਰਵਾਵਾਂਗੇ, ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ, 31 ਮਈ ਤੋਂ 2 ਜੂਨ ਤੱਕ ਜੋ ਹੋਇਆ ਉਸ ਲਈ ਹਾਲਾਤ ਜ਼ਿੰਮੇਵਾਰ ਨੇ।”
ਸ਼ਿਲਾਂਗ ਦੇ ਸਿੱਖਾਂ ਦੀ ਆਪਬੀਤੀ-
ਪੰਜਾਬੀ ਲੇਨ ਵਿੱਚ ਰਹਿੰਦੇ ਅੰਮ੍ਰਿਤਧਾਰੀ ਨੌਜਵਾਨ ਆਕਾਸ਼ ਸਿੰਘ ਮੁਤਾਬਕ, “ਅਸੀਂ ਇੱਥੇ ਜੰਮੇ ਹਾਂ, ਸਾਡੇ ਮਾਂ-ਪਿਉ ਵੀ ਇੱਥੇ ਦੇ ਜੰਮਪਲ ਨੇ, ਜਨਮ ਭੂਮੀ ਨਹੀਂ ਛਡ ਸਕਦੇ, ਜੇ ਅਸੀਂ ਅੱਜ ਰੀਲੋਕੇਟ ਹੋ ਗਏ, ਕੀ ਭਰੋਸਾ ਹੈ ਕੱਲ ਨੂੰ ਸਾਨੂੰ ਉੱਥੋਂ ਵੀ ਨਹੀਂ ਉਠਾਇਆ ਜਾਵੇਗਾ। ਨਿੱਜੀ ਤੌਰ ਤੇ ਖਾਸੀ ਕਬੀਲੇ ਦੇ ਲੋਕ ਚੰਗੇ ਨੇ, ਕਈ ਸਾਡੇ ਦੋਸਤ ਵੀ ਨੇ, ਪਰ ਸਾਨੂੰ ਨੀਵੀਂ ਜਾਤ ਦਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਸਾਨੂੰ ਵਿਦੇਸ਼ੀ ਕਹਿੰਦੇ ਨੇ। ਗ਼ੈਰ ਕਬੀਲੇ ਵਾਲਿਆਂ ਨੂੰ ਨੀਵੀਂ ਜਾਤ ਹੀ ਮੰਨਿਆ ਜਾਂਦਾ ਹੈ।” ਮੁੱਖ ਮੰਤਰੀ ਕੋਨਾਰਡ ਸੰਗਮਾ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਪੰਜਾਬੀ ਲੇਨ ਵਿੱਚ ਸਰਵੇ ਸ਼ੁਰੂ ਕਰ ਦਿੱਤਾ ਹੈ, ਕਮੇਟੀ ਦੀ ਰਿਪਰੋਟ ਤੋਂ ਬਾਅਦ ਹੀ ਸਰਕਾਰ ਕੋਈ ਫੈਸਲਾ ਲਵੇਗੀ। ਗੁਰਦੁਆਰਾ ਕਮੇਟੀ ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਦਿੱਤੇ ਸੀਨੀਅਰ ਵਕੀਲਾਂ ਦੇ ਪੈਨਲ ਰਾਹੀਂ ਕਾਨੂੰਨੀ ਪੱਧਰ ‘ਤੇ ਹਰ ਪਹਿਲੂ ਤੋਂ ਤਿਆਰੀ ਕਰ ਰਹੀ ਹੈ, ਤਾਂਕਿ ਲੋੜ ਪੈਣ ‘ਤੇ ਅਦਾਲਤ ਦਾ ਸਹਾਰਾ ਲਿਆ ਜਾ ਸਕੇ।
ਤਣਾਅ ਕਾਰਨ ਕਾਰੋਬਾਰ ਪ੍ਰਭਾਵਤ-
ਸ਼ਿਲਾਂਗ ਵਿੱਚ ਤਣਾਅ ਬਰਕਰਾਰ ਰਹਿਣ ਨਾਲ ਸੈਲਾਨੀਆਂ ਦੀ ਗਿਣਤੀ ਵਿੱਚ ਬਹੁਤ ਗਿਰਾਵਟ ਆਈ ਹੈ। ਟੂਰਿਜ਼ਮ ਵਿਭਾਗ ਦਾ ਵੱਡਾ ਨੁਕਸਾਨ ਹੋਇਆ ਹੈ। ਸ਼ਿਲਾਂਗ ਸ਼ਹਿਰ ਦੇ ਕਾਰੋਬਾਰੀ ਵੀ ਹਾਲਾਤ ਸਥਿਰ ਹੋਣ ਦੀ ਉਡੀਕ ਵਿੱਚ ਹਨ। ਉਨ੍ਹਾਂ ਦਾ ਕਾਰੋਬਾਰ ਵੀ ਠੱਪ ਹੈ। ਸ਼ਿਲਾਂਗ ਦੇ ਡੀਸੀ ਪੀਐਸ ਡਖਾਰ ਤੇ ਐਸਪੀ ਡੇਵਿਸ ਆਨਆਰ ਮਾਰਕ ਮੁਤਾਬਕ ਸ਼ਹਿਰ ਵਿੱਚ ਮੁੜ ਤੋਂ ਗੜਬੜ ਨਹੀਂ ਹੋ ਦਿੱਤੀ ਜਾਵੇਗੀ। ਉਨ੍ਹਾਂ ਸਾਰੇ ਪ੍ਰਬੰਧ ਪੁਖਤਾ ਹੋਣ ਦਾ ਦਾਅਵਾ ਕੀਤਾ ਹੈ।
ਕੀ ਹੈ ਪੂਰਾ ਮਾਮਲਾ-
ਮੇਘਾਲਿਆ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਿੱਖਾਂ ਤੇ ਸਥਾਨਕ ਖਾਸੀ ਭਾਈਚਾਰੇ ਦੇ ਲੋਕਾਂ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਮਾਹੌਲ ਦੀ ਸਮੀਖਿਆ ਕੀਤੀ ਤਾਂ ਸਥਿਤੀ ਤਣਾਅਪੂਰਨ ਪਾਏ ਜਾਣ ‘ਤੇ ਕੁਝ ਰੋਕਾਂ ਮੁੜ ਤੋਂ ਲਾ ਦਿੱਤੀਆਂ ਗਈਆਂ। ਲੰਘੀ 31 ਮਈ ਨੂੰ ਸਿੱਖ ਲੜਕੀਆਂ ਨੂੰ ਸਥਾਨਕ ਖਾਸੀ ਭਾਈਚਾਰੇ ਦੇ ਬੱਸ ਕੰਡਕਰ ਕਥਿਤ ਤੌਰ ‘ਤੇ ਛੇੜਿਆ ਤੇ ਉਨ੍ਹਾਂ ਲੜਕੀਆਂ ਨੇ ਬੱਸ ਕੰਡਕਟਰ ਦੀ ਭੁਗਤ ਸਵਾਰ ਦਿੱਤੀ। ਉੱਥੋਂ ਸਿੱਖਾਂ ਤੇ ਸਥਾਨਕ ਲੋਕਾਂ ਦਰਮਿਆਨ ਝਗੜਾ ਹੋ ਗਿਆ ਸੀ। ਇਸ ਮਗਰੋਂ ਸੋਸ਼ਲ ਮੀਡੀਆ ’ਤੇ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਬੱਸ ਦੇ ਕਲੀਨਰ ਦੀ ਮੌਤ ਹੋ ਗਈ ਹੈ ਅਤੇ ਫਿਰ ਬੱਸ ਡਰਾਈਵਰਾਂ ਨੇ ਪੰਜਾਬੀ ਲੇਨ ਇਲਾਕੇ ਨੂੰ ਘੇਰ ਲਿਆ ਸੀ ਅਤੇ ਪੁਲੀਸ ਨੂੰ ਇਸ ’ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ। ਸੱਤ ਜ਼ਿਲ੍ਹਿਆਂ ਵਿੱਚ ਪਹਿਲੀ ਜੂਨ ਤੋਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ।
ਪਹਿਲਾਂ ਵੀ ਕੀਤੀਆਂ ਸਨ ਇੰਟਰਨੈੱਟ ਸੇਵਾਵਾਂ ਬੰਦ-
ਸੂਬਾ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 16 ਜੂਨ ਤੋਂ ਲੈ ਕੇ ਬਾਅਦ ਦੁਪਹਿਰ 18 ਜੂਨ ਤਕ ਸ਼ਿਲਾਂਗ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਯਾਨੀ ਰਾਤ ਅੱਠ ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤਕ ਜਾਰੀ ਹੈ। 12 ਦਿਨਾਂ ਬਾਅਦ 13 ਜੂਨ ਨੂੰ ਇੰਟਰਨੈੱਟ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਬੀਤੇ ਕੱਲ੍ਹ ਮੋਬਾਈਲ ਇੰਟਰਨੈੱਟ ਸੇਵਾਵਾਂ ਮੁੜ ਤੋਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਸਿੱਖ ਜਥੇਬੰਦੀਆਂ ਤੇ ਪੰਜਾਬ ਸਰਕਾਰ ਦੇ ਵਫ਼ਦ ਦੀ ਰਿਪੋਰਟ-
ਸ਼ਿਲਾਂਗ ਵਿੱਚ ਸਿੱਖਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੀ ਜਾਇਜ਼ਾ ਲੈਣ ਲਈ ਪਹੁੰਚੇ ਸਨ। ਸੋਸ਼ਲ ਮੀਡੀਆ ਰਾਹੀਂ ਇਹ ਵੀ ਅਫਵਾਹਾਂ ਸਨ ਕਿ ਸ਼ਿਲਾਂਗ ਵਿੱਚ ਗੁਰਦੁਆਰੇ ‘ਤੇ ਵੀ ਹਮਲਾ ਕੀਤਾ ਗਿਆ ਹੈ। ਪਰ ਇਨ੍ਹਾਂ ਸਾਰੇ ਵਫ਼ਦਾਂ ਨੇ ਇਸ ਗੱਲ ਦਾ ਖੰਡਨ ਕੀਤਾ ਤੇ ਹੌਲੀ ਹੌਲੀ ਹਾਲਾਤ ਸੁਧਰਨ ਦੀ ਗੱਲ ਕਹੀ ਸੀ।