ਭਾਰਤ ਪਾਕਿ ਸਰਹੱਦ ਤੋਂ 22 ਕਰੋੜ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ, 6 ਮਈ (ਪੰਜਾਬ ਮੇਲ)-ਫਿਰੋਜ਼ਪੁਰ ਭਾਰਤ ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਦੀ 29 ਬਟਾਲੀਅਨ ਨੇ ਸਪੈਸ਼ਲ ਸਰਚ ਅਪ੍ਰੇਸ਼ਨ ਦੌਰਾਨ 8 ਪੈਕਟ ਹੈਰੋਇਨ, 50 ਗ੍ਰਾਮ ਅਫੀਮ ਅਤੇ ਇਕ ਪਾਕਿਸਤਾਨੀ ਮੋਬਾਈਲ ਫੋਨ ਦੀ ਸਿਮ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਬਲਿਕ ਰਿਲੇਸ਼ਨ ਅਫਸਰ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਸ੍ਰੀ ਆਰ.ਐੱਸ. ਕਟਾਰੀਆ ਨੇ ਕਿਹਾ ਕਿ ਫੜੀ ਗਈ ਹੈਰੋਇਨ ਕਰੀਬ 4 ਕਿਲੋ 500 ਗ੍ਰਾਮ ਹੈ, ਜਿਸਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ ਸਾਢੇ 22 ਕਰੋੜ ਰੁਪਏ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਬੀ. ਐੱਸ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਦੋਨਾ ਤੇਲੂ ਮੱਲ ਦੇ ਰਸਤੇ ਪਾਕਿ ਸਮੱਗਲਰ ਭਾਰਤ ਵਿਚ ਹੈਰੋਇਨ ਆਦਿ ਨਸ਼ੀਲੇ ਪਦਾਰਥ ਭੇਜਣ ਦੀ ਤਾਕ ਵਿਚ ਹਨ, ਜਿਸ ਕਾਰਨ ਬੀ.ਐੱਸ.ਐੱਫ. ਵੱਲੋਂ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਬੀ.ਐੱਸ. ਐੱਫ. ਵੱਲੋਂ ਦੋਨਾ ਤੇਲੂ ਮੱਲ ਦੇ ਏਰੀਆ ਵਿਚ ਸਰਚ ਅਪ੍ਰੇਸ਼ਨ ਚਲਾਉਣ ‘ਤੇ ਖੇਤਾਂ ਵਿਚ ਟਿਊਬਵੈਲ ਦੇ ਕੋਲ ਪਿਲਰ ਨੰ: 195/3 ਦੇ ਹੇਰੀਆ ‘ਚ ਐੱਸ.ਆਈ. ਅਸ਼ੀਸ਼ ਦੇਵ ਅਤੇ ਉਨ੍ਹਾਂ ਦੀ ਟੀਮ ਨੂੰ ਪਾਕਿ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ, ਅਫੀਮ ਤੇ ਸਿਮ ਮਿਲੀ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ. ਵੱਲੋਂ ਹੈਰੋਇਨ ਭੇਜਣ ਵਾਲੇ ਪਾਕਿ ਸਮੱਗਲਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੈਰੋਇਨ ਕਿਹੜੇ ਭਾਰਤੀ ਸਮੱਗਲਰਾਂ ਵੱਲੋਂ ਮੰਗਵਾਈ ਗਈ ਸੀ।