ਵੈਨਕੁਵਰ ‘ਚ 23 ਸਾਲਾ ਪੰਜਾਬੀ ਨੌਜਵਾਨ ਦਾ ਕਤਲ
ਵੈਨਕੁਵਰ, 28 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ 23 ਸਾਲਾ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜੋ ਹੋਰਾਂ ਮੁੰਡਿਆਂ ਨੂੰ ਲੜਨ ਤੋਂ ਹਟਾਉਣ ਗਿਆ ਸੀ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਥਿੰਦ ਵਜੋਂ ਕੀਤੀ ਗਈ ਹੈ ਜੋ ਇਕ ਕਲੱਬ ‘ਚ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਸ਼ਨੀਵਾਰ ਤੜਕੇ ਲਗਭਗ 2.30 ਵਜੇ ਗਰੇਨਵਿਲੇ ਨੇੜੇ ਇਹ ਘਟਨਾ ਵਾਪਰੀ। ਲੋਕਾਂ ਨੇ ਦੱਸਿਆ ਕਿ ਤੜਕਸਾਰ ਹੀ ‘ਕਬਾਨਾ ਲਾਊਂਜ ਨਾਈਟ ਕਲੱਬ’ ਦੇ ਬਾਹਰ ਕੁੱਝ ਮੁੰਡੇ ਆਪਸ ‘ਚ ਝਗੜ ਰਹੇ ਸਨ। ਕੁਲਵਿੰਦਰ ਉਨ੍ਹਾਂ ਨੂੰ ਹਟਾਉਣ ਲਈ ਗਿਆ ਸੀ ਕਿ ਕਿਸੇ ਨੇ ਉਸ ਦੇ ਹੀ ਛੁਰਾ ਮਾਰ ਦਿੱਤਾ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਬਚਾਇਆ ਨਾ ਜਾ ਸਕਿਆ।
ਕੁਲਵਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਹ ਕੁੱਝ ਕੁ ਮਹੀਨਿਆਂ ਤਕ ਭਾਰਤ ਜਾਣ ਦੀ ਤਿਆਰੀ ‘ਚ ਸੀ। ਉਨ੍ਹਾਂ ਦੇ ਇਕ ਖਾਸ ਦੋਸਤ ਦਾ ਵਿਆਹ ਭਾਰਤ ‘ਚ ਹੋਣਾ ਸੀ, ਜਿੱਥੇ ਜਾਣ ਲਈ ਉਹ ਤਿਆਰੀਆਂ ਕਰ ਰਹੇ ਸਨ। ਕੁਲਵਿੰਦਰ ਨੂੰ ਦੋਸਤ ਦੇ ਵਿਆਹ ਦਾ ਬਹੁਤ ਚਾਅ ਸੀ ਪਰ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ। ਉਸ ਦੇ ਦੋਸਤ ਉਸ ਦੀ ਮੌਤ ਦੇ ਦੁੱਖ ‘ਚ ਬੁੱਧਵਾਰ ਨੂੰ ਸ਼ਾਮ 7 ਵਜੇ ਗਰੈਨਵਿਲੇ ਅਤੇ ਡੇਵੀ ਸਟਰੀਟ ਨੇੜੇ ਮੋਮਬੱਤੀਆਂ ਜਗਾ ਕੇ ਸੋਗ ਸਭਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਸਭ ਨਾਲ ਬਹੁਤ ਪਿਆਰ ਨਾਲ ਬੋਲਦਾ ਸੀ। ਕੋਈ ਨਹੀਂ ਜਾਣਦਾ ਸੀ ਕਿ ਹੋਰਾਂ ਨੂੰ ਲੜਾਈ-ਝਗੜੇ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਉਹ ਆਪਣੀ ਹੀ ਜਾਨ ਗੁਆ ਬੈਠੇਗਾ।
ਜਾਣਕਾਰੀ ਮੁਤਾਬਕ ਕੁਲਵਿੰਦਰ ਦਾ ਜਨਮ 5 ਸਤੰਬਰ, 1994 ‘ਚ ਵੈਨਕੁਵਰ ‘ਚ ਹੋਇਆ ਸੀ। ਕਬਾਨਾ ‘ਚ ਕੰਮ ਕਰਨ ਤੋਂ ਪਹਿਲਾਂ ਕੁਲਵਿੰਦਰ ਗੱਡੀਆਂ ਦੀ ਡੀਲਰਸ਼ਿਪ ਦੇ ਨਾਲ-ਨਾਲ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ ਅਤੇ ਇਕ ਮਹੀਨਾ ਪਹਿਲਾਂ ਹੀ ‘ਕਬਾਨਾ ਲਾਊਂਜ ਨਾਈਟ ਕਲੱਬ’ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਨੇ ਕਿਹਾ ਕਿ ਉਹ ਹਮੇਸ਼ਾ ਹੀ ਹੋਰਾਂ ਦੇ ਝਗੜੇ ਸੁਲਝਾਉਣ ਲਈ ਅੱਗੇ ਰਹਿੰਦਾ ਸੀ ਪਰ ਇਸ ਵਾਰ ਉਹ ਹੋ ਗਿਆ, ਜਿਸ ਨੇ ਸਭ ਨੂੰ ਤੋੜ ਕੇ ਰੱਖ ਦਿੱਤਾ। ਉਸ ਦੇ ਦੋਸਤਾਂ ਨੇ ਫੇਸਬੁੱਕ ਪੇਜ਼ ‘ਤੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਨੇ ਇਸ ਮਾਮਲੇ ‘ਚ ਕਈ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ।