ਨਿਊਯਾਰਕ, 30 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿੱਚ ਪਹਿਲੀ ਸਿੱਖ ਔਰਤ ਮੇਅਰ ਬਣੀ ਹੈ। ਇਹ ਅਹਿਮ ਪ੍ਰਾਪਤੀ ਕਰਨ ਵਾਲੀ ਪ੍ਰੀਤ ਡਿਡਬਾਲ, ਕੈਲੀਫੋਰਨੀਆ ਦੇ ਯੂਬਾ ਸਿਟੀ ਦੀ ਮੇਅਰ ਚੁਣੀ ਗਈ ਹੈ। ਪ੍ਰੀਤ ਡਿਡਬਾਲ 5 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕੇਗੀ। ਉਹ ਮੌਜੂਦਾ ਸਮੇਂ ਵਿੱਚ ਵਾਈਸ ਮੇਅਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਪ੍ਰੀਤ ਡਿਡਬਾਲ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਪਰਿਵਾਰ ਦੀ ਪਹਿਲੀ ਮੈਂਬਰ ਹੈ। ਪ੍ਰੀਤ ਦੀ ਪ੍ਰਾਪਤੀ ’ਤੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਤੇ ਸਿੱਖ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਸਿੱਖ ਨੌਜਵਾਨ ਅਮਰੀਕਾ ਵਿੱਚ ਅਹਿਮ ਪ੍ਰਾਪਤੀਆਂ ਕਰ ਚੁੱਕੇ ਹਨ। ਇਨ੍ਹਾਂ ਵਿੱਚ ਰਵੀ ਭੱਲਾ ਦਾ ਨਾਮ ਅਹਿਮ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੇਅਰ ਬਣੇ ਹਨ।