ਬਦਲਾ ਲੈਣ ਲਈ ਕੀਤਾ ਸੀ ਹਿੰਦੂ ਨੇਤਾ ਦਾ ਕਤਲ
ਗੈਂਗਸਟਰ ਸਰਾਜ ਮਿੰਟੂ ਵਲੋਂ ਫੇਸ ਬੁਕ ‘ਤੇ ਨਵੇਂ ਖੁਲਾਸੇ
By : ਬਾਬੂਸ਼ਾਹੀ ਬਿਊਰੋ
Updated : Tuesday, Nov 14, 2017 12:04 AM
-
ਚੰਡੀਗੜ੍ਹ, 13 ਨਵੰਬਰ 2017
ਗੌਰਤਲਬ ਹੈ ਕਿ ਸਰਾਜ ਸੰਧੂ ਦੀ ਮਾਂ ਸੁਖਰਾਜ ਕੌਰ ਨੂੰ ਪੁਲਿਸ ਨੇ ਉਸਦੇ ਸੁਲਤਾਨਵਿੰਡ ਸਥਿਤ ਘਰ ਤੋਂ ਗਿਰਫ਼ਤਾਰ ਕਰ ਲਿਆ ਸੀ। ਉਸ ਉੱਤੇ ਸਰਾਜ ਸੰਧੂ ਅਤੇ ਉਸਦੇ ਸਾਥੀਆਂ ਪਰਮਿੰਦਰ ਸਿੰਘ ਗੋਲੀ, ਸ਼ੁਭਮ ਸਿੰਘ ਅਤੇ ਅਰੁਨ ਸ਼ੋਰੀ ਆਦਿ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਪੰਜਾਬ ਦੇ ਇਕ ਗੈਂਗਸਟਰ ਸਰਾਜ ਸੰਧੂ ਉਰਫ਼ ਮਿੰਟੂ ਨੇ ਆਪਣੀ ਇਕ ਫ਼ੇਸਬੁੱਕ ਪੋਸਟ ਰਾਹੀਂ ਅੰਮ੍ਰਿਤਸਰ ਵਿਚ 30 ਅਕਤੂਬਰ ਨੂੰ ਗੋਲੀਆਂ ਮਾਰ ਕੇ ਮਾਰੇ ਗਏ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸਪਸ਼ਟ ਕੀਤਾ ਹੈ ਕਿ ਇਸ ਕਤਲ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਸਗੋਂ ਇਹ ਕਤਲ ਉਸ ਵੱਲੋਂ ਆਪਣੇ ਦੋਸਤ ਦੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ ।
ਮਿੰਟੂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਸ ਕਤਲ ਦਾ ਸੰਬੰਧ ਅਸਲ ਵਿਚ ਪਿੱਛੇ ਜਿਹੇ ਅੰਮ੍ਰਿਤਸਰ ਵਿਚ ਮਾਰੇ ਗਏ ਇਕ ਪੁਲਿਸ ਮੁਲਾਜ਼ਮ ਦੇ ਕਤਲ ਨਾਲ ਹੈ, ਉਕਤ ਪੁਲਿਸ ਮੁਲਾਜ਼ਮ ਉਸਦੇ ਦੋਸਤ ਦਾ ਪਿਤਾ ਸੀ ਅਤੇ ਇਸ ਕਤਲ ਮਗਰ ਵਿਪਨ ਸ਼ਰਮਾ ਦਾ ਹੱਥ ਸੀ।
ਅਮ੍ਰਿਤਸਰ ਪੁਲਿਸ ਵੱਲੋਂ ਜਾਰੀ ਕੀਤੀ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਜਿੰਨਾਂ ਸਿੱਖ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਵਿਪਨ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਉਹਨਾਂ ਵਿੱਚ ਸਰਾਜ ਮਿੰਟੂ ਮੁੱਖ ਸੀ ।
ਮਿੰਟੂ ਵੱਲੋਂ ਖੁਦ ਇਹ ਖੁਲਾਸਾ ਅੱਜ ਆਪਣੇ ਫ਼ੇਸਬੁੱਕ ਪੇਜ਼ ਤੇ ਕੀਤਾ ਗਿਆ ਹੈ ਪਰ ਪੁਲਿਸ ਅਜੇ ਇਹ ਤਲਾਸ਼ਣ ਵਿਚ ਲੱਗੀ ਹੈ ਕਿ ਕੀ ਇਹ ਪੋਸਟ ਸਰਾਜ ਸੰਧੂ ਵੱਲੋਂ ਖ਼ੁਦ ਹੀ ਪੋਸਟ ਕੀਤੀ ਗਈ ਹੈ?