ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁੜ ਲਿਖਿਆ ਪੱਤਰ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁੜ ਲਿਖਿਆ ਪੱਤਰ
Page Visitors: 2399

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁੜ ਲਿਖਿਆ ਪੱਤਰ
ਸੰਕਟ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਕੇਂਦਰੀ ਮੰਤਰੀਆਂ ਅਤੇ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਣ ਦੀ ਅਪੀਲ

By : ਬਾਬੂਸ਼ਾਹੀ ਬਿਊਰੋ

Thursday, Nov 09, 2017 06:33 PM

  • ਚੰਡੀਗੜ੍ਹ, 09 ਨਵੰਬਰ 2017: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਪੱਤਰ ਲਿਖ ਕੇ ਪਰਾਲੀ ਸਾੜਨ ਦੇ ਖਤਰਨਾਕ ਰੁਝਾਨ ਨੂੰ ਠੱਲ੍ਹ ਪਾਉਣ ਲਈ ਫਸਲ ਦੇ ਰਹਿੰਦ-ਖੂੰਹਦ ਦੇ ਪ੍ਰਬੰਧਾਂ ਵਾਸਤੇ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂ ਜੋ ਪਰਾਲੀ ਸਾੜਨ ਨਾਲ ਮੁਲਕ ਦੇ ਉੱਤਰੀ ਹਿੱਸੇ ਵਿੱਚ ਧੁਆਂਖੀ ਧੁੰਦ ਨੇ ਗੰਭੀਰ ਰੂਪ ਧਾਰਿਆ ਹੋਇਆ ਹੈ।
           ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਸ ਮਸਲੇ 'ਤੇ ਖੇਤੀਬਾੜੀ, ਖੁਰਾਕ ਅਤੇ ਵਾਤਾਵਰਣ ਮੰਤਰਾਲਿਆਂ ਦੇ ਕੇਂਦਰੀ ਮੰਤਰੀਆਂ ਅਤੇ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਵੀ ਅਪੀਲ ਕੀਤੀ ਹੈ।
           05 ਜੁਲਾਈ, 2017 ਨੂੰ ਕੀਤੀ ਅਪੀਲ ਨੂੰ ਅੱਜ ਮੁੜ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਦੀ ਰੋਕਥਾਮ ਲਈ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਲਈ ਸ੍ਰੀ ਮੋਦੀ ਦੇ ਦਖ਼ਲ ਦੀ ਮੰਗ ਕੀਤੀ ਹੈ ਤਾਂ ਕਿ ਕਿਸਾਨ ਵਿਗਿਆਨਕ ਢੰਗ ਨਾਲ ਫਸਲ ਦੀ ਰਹਿੰਦ-ਖੂੰਹਦ ਦਾ ਬੰਦੋਬਸਤ ਕਰ ਸਕਣ।
           ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕੌਮੀ ਰਾਜਧਾਨੀ ਨਵੀਂ ਦਿੱਲੀ ਸਮੇਤ ਉੱਤਰੀ ਭਾਰਤ ਦਾ ਬਹੁਤਾ ਹਿੱਸਾ ਇਸ ਵੇਲੇ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦੀ ਜਕੜ ਵਿੱਚ ਹੈ ਜੋ ਬਹੁਤਾ ਕਰਕੇ ਪੰਜਾਬ, ਹਰਿਆਣਾ ਅਤੇ Àੱਤਰ ਪ੍ਰਦੇਸ਼ ਦੇ ਝੋਨਾ ਪੈਦਾ ਕਰਨ ਵਾਲੇ ਇਲਾਕਿਆਂ ਵਿੱਚ ਪਰਾਲੀ ਨੂੰ ਅੱਗ ਲਾਉਣ ਕਾਰਨ ਹੈ। ਉਨ੍ਹਾਂ ਆਖਿਆ ਕਿ ਮੁਲਕ ਦੀਆਂ ਉੱਚ ਅਦਾਲਤਾਂ ਅਤੇ ਕੌਮੀ ਗਰੀਨ ਟ੍ਰਿਬਿਊਨਲ ਨੇ ਵੀ ਇਸ ਮਸਲੇ ਦਾ ਨੋਟਿਸ ਲਿਆ ਹੈ।
           ਮੁੱਖ ਮੰਤਰੀ ਨੇ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਸ਼ਾਇਦ ਇਸ ਸਮੱਸਿਆ ਨੂੰ ਸਹੀ ਪਰਿਪੇਖ ਵਿੱਚ ਸਮਝਿਆ ਨਹੀਂ ਜਾ ਰਿਹਾ ਜਿਸ ਦਾ ਜ਼ਰੂਰੀ ਆਧਾਰ ਵਿਗਿਆਨਕ ਅਤੇ ਆਰਥਿਕ ਹੈ ਅਤੇ ਇਸ ਨੂੰ ਜ਼ਬਰਦਸਤੀ ਜਾਂ ਹੋਰ ਕਿਸੇ ਢੰਗ ਰਾਹੀਂ ਨਹੀਂ ਨਜਿੱਠਿਆ ਜਾ ਸਕਦਾ।
           ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਰਾਲੀ ਨੂੰ ਨਿਪਟਾਉਣ ਅਤੇ ਵਿਗਿਆਨਕ ਪ੍ਰਬੰਧਾਂ ਲਈ ਕਿਸਾਨ ਨੂੰ ਵੱਡਾ ਖਰਚਾ ਚੁੱਕਣਾ ਪੈਂਦਾ ਹੈ ਜਿਸ ਕਰਕੇ ਉਹ ਕੁਦਰਤੀ ਤੌਰ 'ਤੇ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਸੌਖਾ ਤੇ ਸਸਤਾ ਤਰੀਕਾ ਅਪਣਾਉਣ ਨੂੰ ਤਰਜੀਹ ਦੇਵੇਗਾ। ਉਨ੍ਹਾਂ ਆਖਿਆ ਕਿ ਇਸ ਵੇਲੇ ਇਸ ਸਬੰਧ ਵਿੱਚ ਅਜਿਹੀ ਕੋਈ ਵੀ ਤਕਨੀਕੀ ਜਾਂ ਜੀਵ ਵਿਗਿਆਨ ਪ੍ਰਣਾਲੀ ਨਹੀਂ ਹੈ ਜੋ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਉਤਸ਼ਾਹਤ ਕਰ ਸਕੇ।
           ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨ ਦੀ ਅਪੀਲ ਕਰਦਿਆਂ ਆਖਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਿਪਟਾਉਣ ਲਈ ਕਣਕ 'ਤੇ ਘੱਟੋ-ਘੱਟ ਸਮਰਥਨ ਮੁੱਲ ਤੋਂ ਇਲਾਵਾ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਝੋਨੇ 'ਤੇ ਵੀ ਕਿਸਾਨਾਂ ਨੂੰ ਅਜਿਹੀ ਰਿਆਇਤ ਦਿੱਤੀ ਜਾਵੇ ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ। ਉਨ੍ਹਾਂ ਆਖਿਆ ਕਿ ਅਜਿਹੀ ਵਿੱਤੀ ਸਹਾਇਤਾ ਲੋੜੀਂਦੀ ਪੜਤਾਲ ਕਰਨ ਉਪਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਇਸ ਜਾਇਜ਼ ਅਤੇ ਅਮਲਯੋਗ ਸੁਝਾਅ ਪ੍ਰਤੀ ਸਹਿਮਤ ਹੋਣਗੇ ਜਿਸ ਦਾ ਆਰਥਿਕ ਅਤੇ ਵਾਤਾਵਰਣ ਦੇ ਪੱਧਰ 'ਤੇ ਲਾਭ ਹੋਣ ਦੇ ਨਾਲ-ਨਾਲ ਇਹ ਦੇਸ਼ ਦੇ ਹਿੱਤ ਵਿੱਚ ਵੀ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.