ਹੇਮਕੁੰਟ ਯਾਤਰਾ: ਲਾਪਤਾ ਯਾਤਰੀਆਂ ਦੇ ਪਰਿਵਾਰ ਇੱਕ ਮੱਤ ਨਹੀਂ
ਅੰਮ੍ਰਿਤਸਰ, 16 ਜੁਲਾਈ (ਪੰਜਾਬ ਮੇਲ)– ਹੇਮਕੁੰਟ ਸਾਹਿਬ ਯਾਤਰਾ ਦੌਰਾਨ ਲਾਪਤਾ ਹੋਏ ਯਾਤਰੂਆਂ ਨਾਲ ‘ਹਾਦਸਾ’ ਵਾਪਰਨ ਸਬੰਧੀ ਭਾਵੇਂ ਕਈ ਸੁਰਾਗ ਮਿਲ ਗਏ ਹਨ ਪਰ ਇਨ੍ਹਾਂ ਯਾਤਰੀਆਂ ਦੀ ਭਾਲ ਲਈ ਗਏ ਵਿਅਕਤੀ ਇਸ ਸਬੰਧੀ ਇੱਕ ਮਤ ਨਹੀਂ ਹਨ। ਕੁਝ ਵਿਅਕਤੀ ਹਾਦਸੇ ਦੀ ਗੱਲ ਕਬੂਲ ਕਰ ਰਹੇ ਹਨ ਤੇ ਕੁਝ ਦਾ ਮਤ ਹੈ ਕਿ ਯਾਤਰੀ ਠੀਕ-ਠਾਕ ਹਨ। ਯਾਤਰੀਆਂ ਦੀ ਭਾਲ ਲਈ ਗਿਆ ਦਸ ਮੈਂਬਰੀ ਜਥਾ ਬੀਤੀ ਦੇਰ ਰਾਤ ਹੀ ਪਰਤਿਆ ਹੈ।
ਜਥੇ ਵਿੱਚ ਲਾਪਤਾ ਹੋਏ ਯਾਤਰੀਆਂ ਦੇ ਪਰਿਵਾਰਕ ਮੈਂਬਰ ਅਤੇ ਲਾਪਤਾ ਹੋਏ ਟੈਕਸੀ ਡਰਾਈਵਰ ਦੇ ਕੁਝ ਸਾਥੀ ਸ਼ਾਮਲ ਸਨ। ਸਾਹਿਬ ਸਿੰਘ, ਜਿਸ ਦੇ ਤਿੰਨ ਰਿਸ਼ਤੇਦਾਰ ਕ੍ਰਿਪਾਲ ਸਿੰਘ, ਜਸਬੀਰ ਸਿੰਘ ਅਤੇ ਕੁਲਬੀਰ ਸਿੰਘ ਲਾਪਤਾ ਹੋਏ ਹਨ, ਨੇ ਆਖਿਆ ਕਿ ਅਜਿਹਾ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਇਹ ਸਾਬਤ ਹੋਵੇ ਕਿ ਇਹ ਯਾਤਰੀ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਹਨ।
ਮਹਿਤਾ ਟੈਕਸੀ ਯੂਨੀਅਨ ਦੇ ਮੈਂਬਰ ਜਸਬੀਰ ਸਿੰਘ ਨੇ ਆਖਿਆ ਕਿ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਹੈ ਪਰ ਫੁਟੇਜ ਵਿੱਚ ਡਰਾਈਵਰ ਮਹਿੰਗਾ ਸਿੰਘ ਦੀ ਇਨੋਵਾ ਕਾਰ (ਪੀਬੀ 06 ਏ.ਬੀ. 5472) ਨੂੰ ਛੇ ਜੁਲਾਈ ਨੂੰ 12 ਤੋਂ 4 ਵਜੇ ਤੱਕ ਜੋਸ਼ੀ ਮੱਠ ਤੋਂ ਲੰਘਦਿਆਂ ਨਹੀਂ ਦੇਖਿਆ ਗਿਆ। ਜਦਕਿ ਗੋਬਿੰਦਘਾਟ ਤੋਂ ਹੇਠਾਂ ਛੇ ਕਿਲੋਮੀਟਰ ਦੇ ਰਸਤੇ ਵਿੱਚ ਇੱਕ ਥਾਂ ਟਾਇਰਾਂ ਦੀ ਰਗੜ ਦੇ ਨਿਸ਼ਾਨ ਮਿਲੇ ਹਨ। ਉਸ ਨੇ ਆਖਿਆ ਕਿ ਹੋ ਸਕਦਾ ਹੈ ਕਿ ਇਸ ਥਾਂ ਤੋਂ ਵਾਹਨ ਅਲਕ ਨੰਦਾ ਨਦੀ ਵਿੱਚ ਡਿੱਗ ਗਿਆ ਹੋਵੇ ਤੇ ਰੁੜ੍ਹ ਗਿਆ ਹੋਵੇ। ਡਰਾਈਵਰ ਮਹਿੰਗਾ ਸਿੰਘ ਦਾ ਸ਼ਨਾਖ਼ਤੀ ਕਾਰਡ ਵੀ 250 ਕਿਲੋਮੀਟਰ ਦੂਰ ਰਿਸ਼ੀਕੇਸ਼ ਨੇੜਿਓਂ ਮਿਲਿਆ ਹੈ। ਇਹ ਸਬੂਤ ਸੰਕੇਤ ਕਰਦੇ ਹਨ ਕਿ ਯਾਤਰੀਆਂ ਨਾਲ ਮੰਦਭਾਗੀ ਘਟਨਾ ਵਾਪਰੀ ਹੈ।
ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਪੀੜਤ ਪਰਿਵਾਰਾਂ ਦੇ ਘਰ ਜਾ ਹਮਦਰਦੀ ਪ੍ਰਗਟਾਈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਉਤਰਾਖੰਡ ਸਰਕਾਰ ਨੂੰ ਸੰਜੀਦਗੀ ਨਾਲ ਲਾਪਤਾ ਯਾਤਰੀਆਂ ਦੀ ਭਾਲ ਕਰਨੀ ਚਾਹੀਦੀ ਹੈ।