ਅਕਾਲੀ ਅਤੇ ਕਾਂਗਰਸੀਆਂ ਨੇ ਇਕ ਦੂਜੇ ‘ਤੇ ਕੀਤਾ ਤੇਜ਼ਾਬ ਨਾਲ ਹਮਲਾ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਮੇਲ)– ਪਿੰਡ ਪੰਡੋਰੀ ਵੜੈਚ ਵਿਚ ਚੁਣਾਵੀ ਰੰਜ਼ਿਸ਼ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ। ਇਸ ਦੌਰਾਨ ਦੋਵੇਂ ਪਾਸੇ ਤੋਂ ਤੇਜ਼ਾਬ ਦੀ ਬੋਤਲਾਂ ਨਾਲ ਹਮਲਾ ਕੀਤਾ ਗਿਆ। ਜਿਸ ਵਿਚ ਦੋਵੇਂ ਪਾਰਟੀਆਂ ਦੇ ਚਾਰ ਲੋਕ ਬੁਰੀ ਤਰ੍ਹਾਂ ਝੁਲਸ ਗਏ। ਪੁਲਿਸ ਨੇ ਅਕਾਲੀ ਤੇ ਕਾਂਗਰਸੀ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਛਪਾਲ ਸਿੰਘ ਨੇ ਦੱਸਿਆ ਕਿ ਉਹ ਅਕਾਲੀ ਵਰਕਰ ਹੈ। ਪਰਿਵਾਰ ਨੂੰ ਪਾਲਣ ਲਈ ਦੁੱਧ ਦੀ ਡੇਅਰੀ ਚਲਾਉਂਦਾ ਹੈ। ਬੀਤੇ ਦਿਨ ਉਹ ਅਪਣੀ ਡੇਅਰੀ ‘ਤੇ ਬੈਠਾ ਸੀ। ਇਸੇ ਦੌਰਾਨ ਦੋਸ਼ੀ ਸੁਖਵੀਰ ਅਪਣੇ ਸਾਥੀ ਵਿਕਰਮਜੀਤ ਸਿੰਘ, ਭੁਪਿੰਦਰ ਸਿੰਘ, ਗੇਂਦਾ, ਰਘੂ, ਨਾਰੀ, ਹਰਵਿੰਦਰ ਸਿੰਘ, ਰਾਜਬੀਰ ਸਿੰਘ ਨੂੰ ਨਾਲ ਲੈ ਕੇ ਆਇਆ। ਦੋਸ਼ੀ ਉਸ ਦੇ ਨਾਲ ਚੁਣਾਵੀ ਰੰਜ਼ਿਸ਼ ਰਖਦਾ ਹੈ। ਦੋਸ਼ੀ ਨੇ ਆਉਂਦੇ ਹੀ ਕਿਹਾ ਕਿ ਦਸ ਸਾਲ ਤੱਕ ਤੁਸੀਂ ਲੋਕਾਂ ਨੇ ਬਹੁਤ ਰਾਜ ਕਰ ਲਿਆ। ਹੁਣ ਸਾਡੀ ਕਾਂਗਰਸ ਸਰਕਾਰ ਆ ਗਈ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀ ਨੇ ਹੱਥ ਵਿਚ ਫੜੀ ਤੇਜ਼ਾਬ ਦੀ ਬੋਤਲ ਮੇਰੇ ‘ਤੇ ਸੁੱਟ ਦਿੱਤੀ । ਜਿਸ ਨਾਲ ਮੈਂ ਬੁਰੀ ਤਰ੍ਹਾਂ ਝੁਲਸ ਗਿਆ। ਦੋਸ਼ੀਆਂ ਨੇ ਮੇਰੇ ਭਰਾ ‘ਤੇ ਵੀ ਤੇਜ਼ਾਬ ਪਾ ਦਿੱਤਾ। ਐਨੇ ਵਿਚ ਲੋਕ ਇਕੱਠੇ ਹੋ ਗਏ ਤੇ ਉਹ ਫਰਾਰ ਹੋ ਗਏ। ਇਸੇ ਮਾਮਲੇ ਵਿਚ ਰਛਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੀ ਪੁਲਿਸ ਨੇ ਕਰਾਸ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਰਛਪਾਲ ਅਤੇ ਉਸ ਦੇ ਸਾਥੀਆਂ ਨੇ ਵੀ ਤੇਜ਼ਾਬ ਨਾਲ ਹਮਲਾ ਕੀਤਾ ਸੀ। ਇਸ ਤਹਿਤ ਸੁਖਬੀਰ ਦੇ ਵੀ ਦੋ ਸਾਥੀ ਬੁਰੀ ਤਰ੍ਹਾਂ ਝੁਲਸ ਗਏ ਸੀ।