ਖ਼ਬਰਾਂ
ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਤੇਲ ਟੈਂਕਰ ‘ਚ ਧਮਾਕਾ, 149 ਮੌਤਾਂ, 100 ਤੋਂ ਵੱਧ ਜ਼ਖ਼ਮੀ
Page Visitors: 2470
ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਤੇਲ ਟੈਂਕਰ ‘ਚ ਧਮਾਕਾ, 149 ਮੌਤਾਂ, 100 ਤੋਂ ਵੱਧ ਜ਼ਖ਼ਮੀ
June 25
19:28 2017
ਸੁਰੱਖਿਆ ਅਧਿਕਾਰੀਆਂ ਮੁਤਾਬਕ, ਅੱਗ ਵਿੱਚ ਝੁਲਸੇ ਲੋਕਾਂ ਨੂੰ ਜ਼ਿਲ੍ਹੇ ਦੇ ਹੈਡਕੁਆਰਟਰ ਹਸਪਤਾਲ ਅਤੇ ਬਹਾਵਲ ਵਿਕਟੋਰੀਆ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਹੈ। ਘਟਨਾ ਸਥਾਨ ਤੋਂ ਸਾਰੀਆਂ ਲਾਸ਼ਾਂ ਨੂੰ ਵੀ ਕੱਢ ਲਿਆ ਗਿਆ ਹੈ। ਮੌਕੇ ‘ਤੇ ਸੜ ਕੇ ਸੁਆਹ ਹੋ ਗਈਆਂ ਗੱਡੀਆਂ ਹੀ ਬਚੀਆਂ ਰਹਿ ਗਈਆਂ ਹਨ।
ਰੈਸਕਿਊ ਵਰਕਰ ਸਰਵਿਸ ਦੇ ਬੁਲਾਰੇ ਜਾਮ ਸੱਜਾਦ ਹੁਸੈਨ ਦੇ ਮੁਤਾਬਕ ਇਹ ਵੀ ਰਿਪੋਰਟ ਮਿਲੀ ਹੈ ਕਿ ਜਦੋਂ ਟੈਂਕਰ ਵਿੱਚੋਂ ਤੇਲ ਲੀਕ ਹੋ ਰਿਹਾ ਸੀ, ਤਦ ਮੌਕੇ ‘ਤੇ ਮੌਜੂਦ ਕਿਸੇ ਸ਼ਖਸ ਨੇ ਸਿਗਰਟ ਜਲਾਉਣ ਦਾ ਯਤਨ ਕੀਤਾ। ਇਸ ਕਾਰਨ ਅੱਗ ਲੱਗ ਗਈ ਅਤੇ ਟੈਂਕਰ ਵਿੱਚ ਧਮਾਕਾ ਹੋ ਗਿਆ।
ਫੌਜੀ ਮੁਖੀ ਕਮਰ ਜਾਵੇਦ ਬਾਜਵਾ ਨੇ ਫੌਜ ਨੂੰ ਬਚਾਅ ਕਾਰਜਾਂ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਕਰਨ ਦਾ ਹੁਕਮ ਦਿੱਤਾ ਸੀ। ਬਾਜਵਾ ਨੇ ਕਿਹਾ ਕਿ ਫੌਜ ਦੇ ਹੈਲੀਕਾਪਟਰਾਂ ਨੇ ਜ਼ਖਮੀ ਲੋਕਾਂ ਨੂੰ ਹਸਪਤਾਲ ਅਤੇ ਬਰਨ ਸੈਂਟਰ ਪਹੁੰਚਾਇਆ। ਪੰਜਾਬ ਦੇ ਮੁੱਖ ਮੰਤਰੀ ਸ਼ਾਬਾਜ਼ ਸ਼ਰੀਫ਼ ਨੇ ਵੀ ਘਟਨਾ ਦੀ ਜਾਣਕਾਰੀ ਲਈ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਹਾਦਸੇ ‘ਤੇ ਸ਼ੋਕ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਵਾਰਸਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਹਾਦਸੇ ਵਿੱਚ ਝੁਲਸੇ ਲੋਕਾਂ ਦੇ ਵਧੀਆ ਇਲਾਜ ਲਈ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ।