ਲੁਧਿਆਣਾ ’ਚ ਲੁਟੇਰਾ ਗਰੋਹ ਨੇ ਫਾਇਨਾਂਸਰ ਤੇ ਉਸ ਦੀ ਪਤਨੀ ਦਾ ਕੀਤਾ ਕਤਲ
ਲੁਧਿਆਣਾ, 9 ਜੂਨ (ਪੰਜਾਬ ਮੇਲ) – ਇਥੇ ਦੁੱਗਰੀ ਫੇਜ਼-2 ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੇ ਫਾਇਨਾਂਸਰ ਸੁਨੀਲ ਗੁਪਤਾ(50) ਤੇ ਉਸ ਦੀ ਪਤਨੀ ਨੀਲਮ ਗੁਪਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਨੂੰ ਅੰਜਾਮ ਦੇਣ ਮਗਰੋਂ ਦੋ ਲੁਟੇਰੇ ਉਥੋਂ ਫ਼ਰਾਰ ਹੋ ਗਏ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਉਥੇ ਫ਼ਸ ਗਿਆ। ਮੁਲਜ਼ਮ ਨੇ ਖ਼ੁਦ ਨੂੰ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਵੀ ਮਾਰੀ, ਪਰ ਪੈਰ ਉੱਤੇ ਸੱਟ ਲੱਗਣ ਕਾਰਨ ਉਹ ਭੱਜਣ ਵਿੱਚ ਸਫ਼ਲ ਨਾ ਹੋ ਸਕਿਆ। ਰੌਲਾ ਪਾਉਣ ’ਤੇ ਇਲਾਕੇ ਦੇ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਕਮਿਸ਼ਨਰ ਆਰ.ਐਨ. ਢੋਕੇ, ਡਿਪਟੀ ਕਮਿਸ਼ਨਰ ਧਰੁਮਨ ਨਿੰਬਲੇ, ਡੀਸੀਪੀ ਕ੍ਰਾਈਮ ਗਗਨਅਜੀਤ ਸਿੰਘ ਤੇ ਏਡੀਸੀਪੀ-2 ਸੰਦੀਪ ਗਰਗ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਜਾਂਚ ਉਪਰੰਤ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਸੁਨੀਲ ਗ਼ੁਪਤਾ ਫਾਇਨਾਂਸਰ ਦਾ ਕੰਮ ਕਰਦਾ ਹੈ। ਉਸ ਨੇ ਘਰ ਦੇ ਨਾਲ ਹੀ ਪਾਰਕ ਵਿੱਚ ਦਫ਼ਤਰ ਬਣਾਇਆ ਹੋਇਆ ਹੈ। ਘਰ ਦੇ ਅੰਦਰੋਂ ਵੀ ਇੱਕ ਰਸਤਾ ਦਫ਼ਤਰ ਨੂੰ ਜਾਂਦਾ ਹੈ। ਅੱਜ ਦੁਪਹਿਰ ਨੂੰ ਸੁਨੀਲ ਗ਼ੁਪਤਾ ਆਪਣੇ ਦਫ਼ਤਰ ਵਿੱਚ ਬੈਠਾ ਸੀ। ਇਸੇ ਦੌਰਾਨ ਦੋ ਮੁਲਜ਼ਮ ਦਫ਼ਤਰ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਸੁਨੀਲ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ। ਇਸੇ ਦੌਰਾਨ ਲੁਟੇਰਿਆਂ ਨੇ ਸੁਨੀਲ ਦੇ ਸਿਰ ਦੇ ਪਿੱਛੇ ਗ਼ੋਲੀ ਮਾਰੀ ਤੇ ਉਸ ਦੇ ਗ਼ਲੇ ਵਿੱਚ ਪਾਈ ਚੇਨ ਤੇ ਹੋਰ ਸਾਮਾਨ ਲੁੱਟ ਲਿਆ। ਇਸੇ ਦੌਰਾਨ ਉਪਰ ਜਾ ਕੇ ਉਨ੍ਹਾਂ ਸੁਨੀਲ ਦੀ ਪਤਨੀ ਨੀਲਮ ਨੂੰ ਬੰਧੀ ਬਣਾਇਆ ਤੇ ਮਗਰੋਂ ਉਸ ਨੂੰ ਵੀ ਗ਼ੋਲੀ ਮਾਰ ਦਿੱਤੀ। ਲੁਟੇਰਿਆਂ ਨੇ ਅੰਦਰ ਪਈ ਅਲਮਾਰੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋਏ। ਇਸੇ ਦੌਰਾਨ ਇੱਕ ਲੁਟੇਰਾ ਥੱਲੇ ਆਇਆ ਤਾਂ ਉਸ ਮੌਕੇ ਸੁਨੀਲ ਦਾ ਲੜਕਾ ਰਾਹੁਲ ਦਫ਼ਤਰ ਵੱਲ ਆਇਆ। ਹਥਿਆਰਬੰਦ ਲੁਟੇਰਿਆਂ ਨੂੰ ਦੇਖ ਕੇ ਉਸ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਲੁਟੇਰਾ ਬਾਹਰ ਖੜੇ ਆਪਣੇ ਤੀਜੇ ਸਾਥੀ ਨਾਲ ਪੈਦਲ ਹੀ ਫ਼ਰਾਰ ਹੋ ਗਿਆ। ਰਾਹੁਲ ਦਾ ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਦੇਖ ਉਪਰ ਖੜਾ ਮੁਲਜ਼ਮ ਫਸ ਗਿਆ। ਉਸ ਨੇ ਖੁਦ ਨੂੰ ਬਚਾਉਣ ਲਈ ਉਪਰੋਂ ਛਾਲ ਮਾਰੀ। ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਗੁਆਂਢੀ ਅੰਦਰ ਗਏ ਤਾਂ ਸੁਨੀਲ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਨੀਲਮ ਦੇ ਸਾਹ ਚੱਲ ਰਹੇ ਸਨ। ਉਸ ਨੂੰ ਡੀਐਮਸੀ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ।