ਕਾਂਗਰਸੀਆਂ ਨੇ ਕੁੱਟ-ਕੁੱਟ ਕੇ ਅਕਾਲੀ ਵਰਕਰ ਨੂੰ ਮੌਤ ਦੇ ਘਾਟ ਉਤਾਰਿਆ
ਬਟਾਲਾ, 22 ਮਈ (ਪੰਜਾਬ ਮੇਲ)-ਪਿੰਡ ਬਿਜਲੀਵਾਲ ਵਿੱਚ ਅੱਜ ਸਵੇਰੇ ਮਾਮੂਲੀ ਗੱਲ ਤੋਂ ਇੱਕ ਵਿਅਕਤੀ ਉੱਤੇ ਕੀਤੇ ਗਏ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਬਿਕਰਮਜੀਤ ਸਿੰਘ (50) ਅਕਾਲੀ ਦਲ ਨਾਲ ਸਬੰਧਤ ਹੈ ਜਦਕਿ ਹਮਲਾਵਰ ਕਾਂਗਰਸ ਨਾਲ ਸਬੰਧਤ ਹਨ। ਥਾਣਾ ਕਿਲਾ ਲਾਲ ਸਿੰਘ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਤਨੀ ਸਤਵੰਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚਾਰ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਵਿਹੜੇ ਦੀ ਕੰਧ ਕਾਂਗਰਸ ਪੱਖੀ ਬਲਕਾਰ ਸਿੰਘ ਦੇ ਖੇਤਾਂ ਵਿੱਚ ਡਿੱਗ ਗਈ ਸੀ। ਉਸ ਦਾ ਪਤੀ ਬਿਕਰਮਜੀਤ ਸਿੰਘ ਜਿਵੇਂ ਹੀ ਕੰਧ ਦੀਆਂ ਇੱਟਾਂ ਚੁੱਕਣ ਲੱਗਾ ਤਾਂ ਬਲਕਾਰ ਸਿੰਘ, ਉਸ ਦੀ ਪਤਨੀ ਗੁਰਮੀਤ ਕੌਰ ਤੇ ਪੁੱਤਰ ਗੁਰਮੀਤ ਸਿੰਘ ਉਸ ਨੂੰ ਕੁੱਟਣ ਲੱਗ ਪਏ। ਉਹ ਬੇਹੋਸ਼ ਹੋ ਕੇ ਡਿੱਗ ਪਿਆ ਜਿਸਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ, ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਮਾਝਾ ਜ਼ੋਨ ਯੂਥ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਸ਼ਹਿਰੀ ਪ੍ਰਧਾਨ ਗੁਰਜੀਤ ਸਿੰਘ ਬਿਜਲੀਵਾਲ ਤੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਸਮੇਤ ਹੋਰ ਆਗੂ ਥਾਣਾ ਕਿਲਾ ਲਾਲ ਸਿੰਘ ਪਹੁੰਚੇ ਤੇ ਐਸਪੀ (ਹੈੱਡਕੁਆਰਟਰ) ਗੁਰਸੇਵਕ ਸਿੰਘ ਬਰਾੜ, ਐਸਪੀ (ਡੀ) ਸੂਬਾ ਸਿੰਘ ਤੇ ਫ਼ਤਹਿਗੜ੍ਹ ਚੂੜੀਆਂ ਤੋਂ ਡੀਐਸਪੀ ਰਵਿੰਦਰ ਸ਼ਰਮਾ ਨਾਲ ਮੁਲਾਕਾਤ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ। ਐਸਪੀ (ਹੈੱਡਕੁਆਰਟਰ) ਸ੍ਰੀ ਬਰਾੜ ਨੇ ਦੱਸਿਆ ਕਿ ਥਾਣਾ ਕਿਲਾ ਲਾਲ ਸਿੰਘ ਪੁਲੀਸ ਨੇ ਮੁੱਖ ਕਥਿਤ ਦੋਸ਼ੀ, ਉਸ ਦੀ ਪਤਨੀ ਤੇ ਪੁੱਤਰ ਖ਼ਿਲਾਫ਼ ਧਾਰਾ 304/34 ਤਹਿਤ ਕੇਸ ਦਰਜ ਕਰ ਕੇ ਗੁਰਮੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਇਹ ਗੱਲ ਖਾਰਜ ਕੀਤੀ ਕਿ ਇਹ ਘਟਨਾ ਰਾਜਸੀ ਰੰਜਿਸ਼ ਕਾਰਨ ਵਾਪਰੀ ਹੈ।