ਜਹਾਜ਼ ਅਗਵਾ ਦੀ ਧਮਕੀ ਮਗਰੋਂ ਮੁੰਬਈ, ਚੇਨਈ, ਹੈਦਰਾਬਾਦ ਹਵਾਈ ਅੱਡੇ ‘ਤੇ ਅਲਰਟ
ਈ-ਮੇਲ ਤੋਂ ਮਿਲੀ ਸੀ ਹਾਈਜੈੱਕ ਦੀ ਜਾਣਕਾਰੀ
ਮੁੰਬਈ, 16 ਅਪ੍ਰੈਲ (ਪੰਜਾਬ ਮੇਲ)- ਅੱਤਵਾਦੀ ਭਾਰਤ ਦੀ ਸੁਰੱਖਿਆ ‘ਚ ਵੱਡੀ ਸੇਂਧ ਲਾਉਣ ਦੀ ਕੋਸ਼ਿਸ਼ ‘ਚ ਹਨ। ਇਸ ਵਾਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦੇਸ਼ ਦੇ ਵੱਡੇ ਹਵਾਈ ਅੱਡੇ ਹਨ। ਮੁੰਬਈ, ਚੇਨਈ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ‘ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ, ਚੇਨਈ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ‘ਤੇ ਜਹਾਜ਼ ਅਗਵਾ ਕਰਨ ਦਾ ਖ਼ਦਸ਼ਾ ਹੈ। ਇਸ ਖ਼ਦਸ਼ੇ ਮਗਰੋਂ ਸੁਰੱਖਿਆ ਤੰਤਰ ਸਰਗਰਮ ਹੋ ਗਿਆ ਹੈ। ਤਿੰਨਾਂ ਹਵਾਈ ਅੱਡਿਆਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਯਾਤਰੀਆਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਦੱਸ ਦੇਈਏ ਕਿ ਇਕ ਮਹਿਲਾ ਨੇ ਪੁਲਿਸ ਨੂੰ ਈ-ਮੇਲ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ 6 ਲੋਕਾਂ ਨੂੰ ਤਿੰਨ ਹਵਾਈ ਅੱਡਿਆਂ ‘ਤੇ ਜਹਾਜ਼ ਹਾਈਜੈੱਕ ਦੀ ਯੋਜਨਾ ਬਣਾਉਂਦਿਆਂ ਸੁਣਿਆ ਹੈ। ਗੱਲਬਾਤ ‘ਚ ਔਰਤ ਨੇ ਸੁਣਿਆ ਕਿ ਪਹਿਲਾਂ ਮੁੰਬਈ, ਫਿਰ ਚੇਨਈ ਅਤੇ ਬਾਅਦ ‘ਚ ਮੁੰਬਈ ਹਵਾਈ ਅੱਡੇ ‘ਤੇ ਹਾਈਜੈੱਕ ਨੂੰ ਅੰਜਾਮ ਦਿੱਤਾ ਜਾਵੇਗਾ। ਸ਼ੱਕੀਆਂ ਦੀ ਚਰਚਾ ‘ਚ ਇਸ ਘਟਨਾ ਨੂੰ ਅੰਜਾਮ ਦੇਣ ਲਈ ਅੱਜ ਐਤਵਾਰ ਦਾ ਦਿਨ ਤੈਅ ਹੋਇਆ ਸੀ। ਮਹਿਲਾ ਅਨੁਸਾਰ ਕੁਲ 23 ਲੋਕਾਂ ਦੀ ਟੀਮ ਤਿੰਨਾਂ ਹਵਾਈ ਅੱਡਿਆਂ ‘ਤੇ ਜਹਾਜ਼ ਹਾਈਜੈੱਕ ਕਰਨ ਦੀ ਯੋਜਨਾ ‘ਚ ਹੈ। ਸੀ.ਆਈ.ਐਸ.ਐਫ. ਦੇ ਮੁੱਖ ਨਿਰਦੇਸ਼ਕ ਓ.ਪੀ. ਸਿੰਘ ਨੇ ਪੁਸ਼ਟੀ ਕੀਤੀ ਹ ਕਿ ਇਨ੍ਹਾਂ ਤਿੰਨਾਂ ਹਵਾਈ ਅੱਡਿਆਂ ‘ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।