ਖੁੱਸ ਸਕਦਾ ਹੈ ਟਰੰਪ ਤੋਂ ਰਾਸ਼ਟਰਪਤੀ ਦਾ ਅਹੁਦਾ
ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)-ਟਰੰਪ ਪ੍ਰਸ਼ਾਸਨ ਦੇ ਰੂਸ ਨਾਲ ਸਬੰਧਾਂ ਦੀ ਜਾਂਚ ਦਾ ਨਤੀਜਾ ਅਮਰੀਕੀ ਰਾਸ਼ਟਰਪਤੀ ਲਈ ਬੁਰਾ ਸਾਬਤ ਹੋ ਸਕਦਾ ਹੈ। ਨੈਸ਼ਨਲ ਸੁਰੱਖਿਆ ਏਜੰਸੀ (NSA) ਦੇ ਸਾਬਕਾ ਐਨਾਲਿਸਟ ਜਾਨ ਸ਼ਿੰਡਲਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਸ ਮਾਮਲੇ ਵਿੱਚ ਟਰੰਪ ਖਿਲਾਫ ਦੋਸ਼ ਲੱਗਦਾ ਹੈ ਤਾਂ ਇਹ ਉਨ੍ਹਾਂ ਦੇ ਵਾਈਟ ਹਾਊਸ ਕਾਰਜਕਾਲ ਦਾ ਅੰਤ ਹੋਵੇਗਾ।
ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਦੌਰਾਨ ਟਰੰਪ ਦੀ ਕੰਪੇਨ ਟੀਮ ‘ਤੇ ਰੂਸ ਨਾਲ ਮਿਲ ਕੇ ਚੋਣ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲੱਗਿਆ ਸੀ। ਐਫਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ‘ਦ ਇੰਡੀਪੈਂਡੇਂਟ’ ਦੀ ਰਿਪੋਰਟ ਮੁਤਾਬਕ ਜਾਨ ਸ਼ਿੰਡਲਰ ਨੇ ਸੀਬੀਸੀ ਰੇਡੀਓ ਨਾਲ ਗੱਲਾਬਾਤ ਦੌਰਾਨ ਇਹ ਚੇਤਾਵਨੀ ਦਿੱਤੀ ਹੈ। ਜਾਨ ਸ਼ਿੰਡਲਰ ਯੂਐਸ ਸੁਰੱਖਿਆ ਦੇ ਮਾਹਰ ਹਨ ਤੇ ਕਾਊਂਟਰ ਇੰਟੈਲੀਜੈਂਸ ਆਫਸਰ ਵੀ ਰਹੇ ਹਨ। ਸ਼ਿੰਡਲਰ ਨੇ ਕਿਹਾ ਕਿ ”ਅਜਿਹਾ ਹੋਣ ਨਾਲ ਨਾ ਸਿਰਫ ਟਰੰਪ ਦੇ ਆਸਪਾਸ ਦੇ ਲੋਕ ਬਲਕਿ ਖੁਦ ਟਰੰਪ ਨੂੰ ਵੀ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਉਹ ਸੜਕ ‘ਤੇ ਆ ਜਾਣਗੇ।”
ਜਾਨ ਸ਼ਿੰਡਲਰ ਦਾ ਇਹ ਬਿਆਨ ਐਫਬੀਆਈ ਦੇ ਡਾਇਰੈਕਟਰ ਜੇਮਸ ਕੋਮੇ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਪੁਸ਼ਟੀ ਕੀਤੀ ਗਈ ਸੀ ਕਿ ਬਿਊਰੋ 2016 ਦੀ ਚੋਣ ਵਿੱਚ ਰੂਸ ਦੇ ਕਥਿਤ ਦਖਲ ਤੋਂ ਬਾਅਦ ਹੀ ਮਾਸਕੋ ਤੇ ਟਰੰਪ ਦੀ ਚੋਣ ਮੁਹਿੰਮ ਟੀਮ ਦੇ ਮੈਂਬਰਾਂ ਦਰਮਿਆਨ ਸਬੰਧਾਂ ਦੀ ਵੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਵੀ ਕਈ ਕਮੇਟੀਆਂ ਵੀ ਬੰਦ ਦਰਵਾਜਿਆਂ ਪਿੱਛੇ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।