… ਜਦੋਂ ਸਿੱਧੂ ਬੈਠੇ ਸੀ.ਐਮ. ਦੀ ਕੁਰਸੀ ‘ਤੇ
ਚੰਡੀਗੜ੍ਹ, 25 ਮਾਰਚ (ਪੰਜਾਬ ਮੇਲ)- ਪੰਜਾਬ ਦੀ 15ਵੀਂ ਵਿਧਾਨ ਸਭਾ ਵਿਚ ਵਿਧਾਇਕਾਂ ਦਾ ਪਹਿਲਾ ਦਿਨ ਸੀ, ਇਸ ਲਈ ਵਿਧਾਇਕ ਆਪਣੇ ਲਈ ਤੈਅ ਸੀਟ ਦੀ ਬਜਾਏ ਜਿੱਥੇ ਥਾਂ ਮਿਲੀ ਉਥੇ ਬੈਠ ਗਏ। ਅਮਰਿੰਦਰ ਜਦੋਂ ਚਲੇ ਗਏ ਤਾਂ ਮੁੱਖ ਮੰਤਰੀ ਲਈ ਤੈਅ ਸੀਟ ‘ਤੇ ਨਵਜੋਤ ਸਿੰਘ ਸਿੱਧੂ ਅਤੇ ਬਲਬੀਰ ਸਿੱਧੂ ਬੈਠ ਕੇ ਗੱਲ ਕਰਨ ਲੱਗੇ।
ਤਿੰਨ ਮਿੰਟ ਤੱਕ ਉਹ ਨਹੀਂ ਉਠੇ ਤਾਂ ਵਿਧਾਨ ਸਭਾ ਦੇ ਇਕ ਕਰਮਚਾਰੀ ਨੇ ਉਨ੍ਹਾਂ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਦੋਵੇਂ ਨਵਜੋਤ ਸਿੰਘ ਸਿੱਧੂ ਦੀ ਸੀਟ ‘ਤੇ ਬੈਠੇ। ਵਿਧਾਇਕਾਂ ਦੀ ਸਹੁੰ ਦੇ ਕਾਰਨ ਅਰਸੇ ਬਾਅਦ ਵਿਧਾਨ ਸਭਾ ਵਿਚ ਵਿਧਾਇਕਾਂ ਦੀ ਐਨੀ ਮੌਜੂਦਗੀ ਦੇਖਣ ਨੂੰ ਮਿਲੀ। ਹਾਸਾ ਠੱਠਾ ਚਲਦਾ ਰਿਹਾ ਚਾਰ-ਪੰਜ ਵਾਰੀ ਸੱਤਾ ਧਿਰ ਦੇ ਬੈਂਚਾਂ ਤੋਂ ਠਹਾਕੇ ਵੀ ਗੂੰਜੇ। ਇੱਥੋਂ ਤੱਕ ਕਿ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਵੀ ਇਸ ਵਿਚ ਸਾਥ ਦਿੰਦੇ ਰਹੇ। ‘ਆਪ’ ਅਤੇ ਅਕਾਲੀ ਵਿਧਾਇਕ ਸ਼ਾਂਤ ਰਹੇ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਸਦਨ ਵਿਚ ਸਹੁੰ ਚੁੱਕਣ ਲਈ ਨਹੀਂ ਆਏ। ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪਹਿਲੇ ਦਿਨ ਸਦਨ ਵਿਚ ਨਾ ਆਏ ਹੋਣ। ਕੈਪਟਨ ਅਮਰਿੰਦਰ ਸਿੰਘ ਸਵਾ ਘੰਟਾ ਸਦਨ ਵਿਚ ਰਹੇ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਚਮਕ ਛਾਈ ਰਹੀ।
ਖ਼ਾਸ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਵੀ ਬਿਕਰਮ ਸਿੰਘ ਮਜੀਠੀਆ ਅਤੇ ਐਨਕੇ ਸ਼ਰਮਾ ਸਮੇਤ ਕਈ ਵਿਧਾਇਕਾਂ ਨੇ ਕੈਪਟਨ ਤੋਂ ਆਸ਼ੀਰਵਾਦ ਲਿਆ ਅਤੇ ਪਹਿਲੀ ਕਤਾਰ ਵਿਚ ਬੈਠੇ ਕਾਂਗਰਸੀਆਂ ਨੇ ਹੱਥ ਮਿਲਾਇਆ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਵੀ ਸਹੁੰ ਚੁੱਕਣ ਦੇ ਬਾਅਦ ਵਿਰੋਧੀ ਬੈਂਚਾਂ ਦੀ ਪਹਿਲੀ ਕਤਾਰ ਵਿਚ ਬੈਠੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਐਡਵੋਕੇਟ ਐਚਐਸ ਫੂਲਕਾ ਅਤੇ ਹੋਰ ਆਪ ਵਿਧਾਇਕ-ਅਕਾਲੀ ਵਿਧਾਇਕਾਂ ਨੂੰ ਜਾ ਕੇ ਮਿਲੇ।