ਖ਼ਬਰਾਂ
ਮੈਲਬੌਰਨ ਵਿਖੇ ਭਗਵੰਤ ਮਾਨ ‘ਤੇ ਹੋਇਆ ਹਮਲਾ
Page Visitors: 2452
ਮੈਲਬੌਰਨ ਵਿਖੇ ਭਗਵੰਤ ਮਾਨ ‘ਤੇ ਹੋਇਆ ਹਮਲਾ
Posted On 08 Mar 2017
ਮੈਲਬੌਰਨ, 8 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅੱਜਕੱਲ੍ਹ ਆਸਟ੍ਰੇਲੀਆ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਮੈਲਬੌਰਨ ਵਿਖੇ ਚੱਲ ਰਹੀ ਇਕ ਭਰਵੀਂ ਰੈਲੀ ਦੌਰਾਨ ਕਿਸੇ ਸਿਰਫਿਰੇ ਨੇ ਭਗਵੰਤ ਮਾਨ ‘ਤੇ ਅਚਾਨਕ ਆਪਣੀ ਚੱਪਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਉਸ ਨੂੰ ਨਹੀਂ ਵੱਜੀ। ਚੱਪਲ ਸੁੱਟਣ ਤੋਂ ਬਾਅਦ ਇਸ ਹਮਲਾਵਰ ਨੇ ਉੱਚੀ-ਉੱਚੀ ਭਗਵੰਤ ਮਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ‘ਤੇ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਨੇ ਹਮਲਾਵਰ ਨੂੰ ਕੁਟਾਪਾ ਵੀ ਚਾੜ੍ਹਿਆ। ਇਸ ਦੌਰਾਨ ਲੋਕ ਇਹ ਕਹਿ ਰਹੇ ਸਨ ਕਿ ਹਮਲਾਵਰ ਜਾਂ ਤਾਂ ਸ਼ਰਾਬੀ ਹੈ ਜਾਂ ਪਾਗਲ ਹੈ। ਇਸ ਵਾਰਦਾਤ ਨਾਲ ਹਾਲ ਵਿਚ ਬੈਠੇ ਲੋਕ ਇਕਦਮ ਹੱਕੇ-ਬੱਕੇ ਰਹਿ ਗਏ। ਪਹਿਲਾਂ ਤਾਂ ਉਹ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ ਕਿ ਕੀ ਹੋਇਆ ਹੈ। ਪਰ ਜਿਉਂ-ਜਿਉਂ ਹਾਲ ਵਿਚ ਬੈਠੇ ਲੋਕਾਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਉਸ ਸਿਰਫਿਰੇ ਆਦਮੀ ਨੂੰ ਬਾਹਰ ਕੱਢ ਦਿੱਤਾ।ਬਾਅਦ ਵਿਚ ਫੇਸਬੁੱਕ ‘ਤੇ ਉਸ ਸ਼ਖਸ ਨੇ ਭਗਵੰਤ ਮਾਨ ‘ਤੇ ਜੁੱਤੀ ਸੁੱਟਣ ਦੀ ਜ਼ਿੰਮੇਵਾਰੀ ਆਪਣੇ ‘ਤੇ ਲੈਂਦਿਆਂ ਕਿਹਾ ਕਿ ਇਹ ਜੁੱਤੀ ਮੈਂ ਇਸ ਕਰਕੇ ਮਾਰੀ ਕਿਉਂਕਿ ਭਗਵੰਤ ਮਾਨ ਨੇ ਕਿਸੇ ਰੈਲੀ ਦੌਰਾਨ ਸ਼ਰਾਬ ਪੀਤੀ ਸੀ। ਇਸ ਕਰਕੇ ਇਸ ਨੂੰ ਇਹ ਸਜ਼ਾ ਮਿਲਣੀ ਜ਼ਰੂਰੀ ਸੀ। ਉਸ ਸ਼ਖਸ ਨੇ ਆਪਣੀ ਫੇਸਬੁੱਕ ਵੀਡੀਓ ਵਿਚ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢਣ ਤੋਂ ਇਲਾਵਾ ਹੋਰ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਪੱਪਾ ਸਰਪੰਚ ਦੇ ਨਾਂ ਤੋਂ ਜਾਣਿਆ ਜਾਂਦਾ ਇਹ ਸ਼ਖਸ ਬਾਦਲ ਸਪੋਰਟਰ ਸੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹਮਲਾਵਰ ਦੀ ਸਥਾਨਕ ਲੋਕਾਂ ਵੱਲੋਂ ਬਾਅਦ ਵਿਚ ਕਾਫੀ ਕੁੱਟਮਾਰ ਕੀਤੀ ਗਈ ਹੈ। ਸੋਸ਼ਲ ਮੀਡੀਏ ‘ਤੇ ‘ਆਪ’ ਵਰਕਰਾਂ ਵੱਲੋਂ ਪੱਪੇ ਸਰਪੰਚ ਦੀਆਂ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਉਹ ਖੁਦ ਵੱਖ-ਵੱਖ ਥਾਵਾਂ ‘ਤੇ ਦਾਰੂ ਪੀਂਦਾ ਨਜ਼ਰ ਆ ਰਿਹਾ ਹੈ।