ਹੋਂਦ ਚਿੱਲੜ ਕਾਂਡ: ਹਰਿਆਣਾ ਸਰਕਾਰ ਵੱਲੋਂ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ
ਚੰਡੀਗੜ੍ਹ, 8 ਮਾਰਚ (ਪੰਜਾਬ ਮੇਲ) – ਹਰਿਆਣਾ ਸਰਕਾਰ ਨੇ ਹੋਂਦ ਚਿੱਲੜ ਕਾਂਡ ਵਿਚ ਕਥਿਤ ਰੂਪ ‘ਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਹਰਿਆਣਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀ.ਜੀ.ਪੀ. ਨੂੰ ਇਸ ਕਾਂਡ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਗ੍ਰਹਿ ਵਿਭਾਗ ਨੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਡੀ.ਜੀ.ਪੀ. ਨੂੰ ਕਾਰਵਾਈ ਕਰਨ ਲਈ ਕਿਹਾ ਹੈ, ਉਨ੍ਹਾਂ ਵਿਚ ਤਤਕਾਲੀ ਐੱਸ.ਪੀ. ਸਤਿੰਦਰ ਕੁਮਾਰ, ਡੀ.ਐੱਸ.ਪੀ. ਰਾਮ ਭੱਜ, ਐੱਸ.ਆਈ. ਰਾਮ ਕਿਸ਼ੋਰ ਅਤੇ ਹੈੱਡ ਕਾਂਸਟੇਬਲ ਰਾਮ ਕੁਮਾਰ ਪ੍ਰਮੁੱਖ ਹਨ। ਹਰਿਆਣਾ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਨੇ ਡੀ.ਜੀ.ਪੀ. ਹਰਿਆਣਾ ਨੂੰ ਭੇਜੇ ਪੱਤਰ ਨੰਬਰ 3/1/2011-1 ਐਚ(ਛ) ‘ਚ ਕਿਹਾ ਕਿ ਸਬੰਧਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਧਾਰਾ 217, 218, 219, 220, 221, 302, 395, 436 ਅਤੇ 120-ਬੀ ਤਹਿਤ ਕਾਰਵਾਈ ਕੀਤੀ ਜਾਵੇ।
ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਹਾਈ ਕੋਰਟ ਵਿਚ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਕਥਿਤ ਰੂਪ ‘ਚ ਇਸ ਕਾਂਡ ‘ਚ ਸ਼ਾਮਿਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਨੇ ਡੀ.ਜੀ.ਪੀ. ਨੂੰ ਇਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਸਰਕਾਰ ਨੇ ਉਕਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਜਸਟਿਸ ਟੀ.ਪੀ. ਗਰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਸਨ। ਹੈੱਡ ਕਾਂਸਟੇਬਲ ਰਾਮ ਕੁਮਾਰ ਨੂੰ ਇੰਸਪੈਕਟਰ, ਐੱਸ.ਆਈ. ਰਾਮ ਕਿਸ਼ੋਰ ਨੂੰ ਐੱਸ.ਪੀ., ਡੀ.ਐੱਸ.ਪੀ. ਰਾਮ ਭੱਜ ਨੂੰ ਐੱਸ.ਪੀ. ਅਤੇ ਐੱਸ.ਪੀ. ਸਤਿੰਦਰ ਕੁਮਾਰ ਨੂੰ ਡੀ.ਆਈ.ਜੀ. ਤੱਕ ਤਰੱਕੀ ਦਿੱਤੀ ਗਈ ਸੀ।