ਨਿਊਯਾਰਕ ‘ਚ ਭਾਰਤੀ ਕੁੜੀ ਨਾਲ ਨਸਲੀ ਭੇਦਭਾਵ, ਗਾਲ਼ਾਂ ਕੱਢੀਆਂ ਅਤੇ ਆਪਣੇ ਦੇਸ਼ ਪਰਤਣ ਨੂੰ ਕਿਹਾ
ਨਿਊਯਾਰਕ, 3 ਮਾਰਚ (ਪੰਜਾਬ ਮੇਲ)- ਸ਼੍ਰੀਨਿਵਾਸ ਕੁਚੀਭੋਟਲਾ ਦੀ ਹੱਤਿਆ ਦੇ ਬਾਅਦ ਅਮਰੀਕਾ ‘ਚ ਭਾਰਤੀ ਕੁੜੀ ਨਾਲ ਨਸਲੀ ਭੇਦਭਾਵ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ‘ਚ ਰਹਿਣ ਵਾਲੀ ਲੜਕੀ ਏਕਤਾ ਦੇਸਾਈ ਨੂੰ ਰੇਲ ਦੇ ਅੰਦਰ ਇਕ ਵਿਅਕਤੀ ਨੇ ਗਾਲ਼ਾਂ ਕੱਢੀਆਂ ਅਤੇ ਆਪਣੇ ਦੇਸ਼ ਪਰਤਣ ਨੂੰ ਕਿਹਾ। ਏਕਤਾ ਨੇ 22 ਫਰਵਰੀ ਨੂੰ ਇਸ ਘਟਨਾ ਦਾ ਵੀਡੀਓ ਫੇਸਬੁੱਕ ‘ਤੇ ਅਪਲੋਡ ਕੀਤਾ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਛੇ ਦਿਨਾਂ ‘ਚ 49 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨੂੰ ਵੇਖ ਚੁੱਕੇ ਹਨ।
ਦੱਸਣਯੋਗ ਹੈ ਕਿ 22 ਫਰਵਰੀ ਨੂੰ ਹੀ ਕੰਸਾਸ ‘ਚ ਇਕ ਸਾਬਕਾ ਅਮਰੀਕੀ ਜਲ ਸੈਨਿਕ ਨੇ ਕੁਚੀਭੋਟਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੇਸਾਈ ਨੇ ਫੇਸਬੁੱਕ ਪੋਸਟ ‘ਚ ਦੱਸਿਆ ਹੈ ਕਿ ਉਹ ਆਮ ਵਾਂਗ ਦਫ਼ਤਰ ਤੋਂ ਘਰ ਪਰਤ ਰਹੀ ਸੀ। ਲਗਪਗ ਸੌ ਹੋਰ ਲੋਕ ਵੀ ਸਫਰ ਕਰ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਨੇ ਏਕਤਾ ‘ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਉਸ ਨੂੰ ਆਪਣੇ ਦੇਸ਼ ਵਾਪਿਸ ਜਾਣ ਨੂੰ ਕਿਹਾ। ਨਾਲ ਸਫਰ ਕਰ ਰਹੀ ਇਕ ਹੋਰ ਏਸ਼ਿਆਈ ਅੌਰਤ ਨੂੰ ਵੀ ਇਸ ਵਿਅਕਤੀ ਨੇ ਗਾਲ਼ਾਂ ਕੱਢੀਆਂ। ਏਕਤਾ ਵੱਲੋਂ ਪੁਲਿਸ ਬੁਲਾਉਣ ਦੀ ਧਮਕੀ ਦੇਣ ‘ਤੇ ਉਹ ਵਿਅਕਤੀ ਜ਼ੋਰ-ਜ਼ੋਰ ਨਾਲ ਚੀਕਣ ਲੱਗਾ ਅਤੇ ਵੀਡੀਓ ਨਾ ਬਣਾਉਣ ਦੀ ਧਮਕੀ ਦੇਣ ਲੱਗਾ। ਲਗਪਗ 15 ਮਿੰਟਾਂ ਤਕ ਇਹ ਸਭ ਕੁਝ ਹੋਇਆ ਅਤੇ ਉਸ ਦੇ ਬਾਅਦ ਉਹ ਵਿਅਕਤੀ ਆਪਣੇ ਸਾਥੀਆਂ ਨਾਲ ਗੱਡੀ ਤੋਂ ਨਿਕਲ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ, ਇਹ ਸਾਫ਼ ਨਹੀਂ ਹੈ।