ਕਾਰ ਨਾ ਮਿਲਣ ‘ਤੇ ਪਰਵਾਸੀ ਲਾੜਾ ਲਾਵਾਂ ਲੈਣ ਪਿੱਛੋਂ ਲਾੜੀ ਛੱਡ ਕੇ ਭੱਜਿਆ
ਮੁਕੇਰੀਆਂ, 27 ਫਰਵਰੀ (ਪੰਜਾਬ ਮੇਲ) – ਗੁਰਾਇਆ ਮੈਰਿਜ ਪੈਲੇਸ ਵਿੱਚ ਆਇਆ ਇੱਕ ਪਰਵਾਸੀ ਪੰਜਾਬੀ ਲਾੜਾ ਕਥਿਤ ਤੌਰ ’ਤੇ ਦਾਜ ਵਿੱਚ ਗੱਡੀ ਤੇ ਨਕਦੀ ਨਾ ਮਿਲਣ ’ਤੇ ਗੁਰਦੁਆਰੇ ਵਿੱਚ ਲੜਕੀ ਨਾਲ ਲਾਵਾਂ ਲੈਣ ਉਪਰੰਤ ਉਸ ਨੂੰ ਛੱਡ ਕੇ ਵਾਪਸ ਭੱਜ ਗਿਆ। ਲੜਕੀ ਵਾਲਿਆਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਲੜਕੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਪੀੜਤ ਲੜਕੀ ਦੇ ਪਿਤਾ ਸੁਭਾਸ਼ ਚੰਦਰ ਵਾਸੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਧੀ ਦਾ ਵਿਆਹ ਵਿਦੇਸ਼ ਤੋਂ ਆਏ ਤਰਨਜੀਤ ਸਿੰਘ ਨਾਲ ਗੁਰਾਇਆ ਮੈਰਿਜ ਪੈਲੇਸ ਵਿੱਚ ਹੋ ਰਿਹਾ ਸੀ। ਉਨ੍ਹਾਂ ਦੀ ਲੜਕੀ ਦੀ ਮੰਗਣੀ ਕਰੀਬ 6 ਮਹੀਨੇ ਪਹਿਲਾਂ ਇਟਲੀ ਰਹਿੰਦੇ ਤਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਹਾਜੀਪੁਰ ਨਾਲ ਹੋਈ ਸੀ।
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੇ ਦੀ ਮਾਤਾ ਨੇ ਫ਼ੋਨ ਕਰ ਕੇ ਗੱਡੀ ਤੇ ਨਕਦੀ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਤੋਂ ਬਾਅਦ ਲੜਕੇ ਵਾਲੇ ਲੜਕੀ ਨੂੰ ਵਿਆਹੁਣ ਆਉਣ ਲਈ ਰਾਜ਼ੀ ਹੋ ਗਏ ਅਤੇ ਬਰਾਤ ਲੈ ਕੇ ਗੁਰਾਇਆ ਪੈਲੇਸ ਵਿੱਚ ਆ ਗਏ। ਲੜਕਾ ਅਤੇ ਲੜਕੀ ਦੇ ਅਨੰਦ ਕਾਰਜ ਦੀ ਰਸਮ ਪੂਰੀ ਹੋਈ ਪਰ ਇਸ ਤੋਂ ਉਪਰੰਤ ਲੜਕੇ ਨੇ ਪੈਲੇਸ ਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਉਸ ਦਾ ਵਿਆਹ ਉਸ ਦੀ ਮਰਜ਼ੀ ਦੇ ਅਨੁਸਾਰ ਨਹੀਂ ਹੋਇਆ। ਇਸ ਤੋਂ ਬਾਅਦ ਲੜਕਾ ਅਤੇ ਉਸ ਦਾ ਪਰਿਵਾਰਕ ਮੈਂਬਰ ਚਲੇ ਗਏ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ਉੱਤੇ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੇ ਲੜਕੇ ਅਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੂਜੇ ਪਾਸੇ ਲੜਕੇ ਦੇ ਪਰਿਵਾਰਕ ਮੈਂਬਰ ਇਸ ਮੁੱਦੇ ਉਤੇ ਅਜੇ ਵੀ ਕੁਝ ਨਹੀਂ ਬੋਲ ਰਹੇ।