ਸੀਰੀਆ ਵਿਚ ਆਤਮਘਾਤੀ ਬੰਬ ਧਮਾਕਾ-51 ਹਲਾਕ
ਬੇਰੂਤ/ਅੰਕਾਰਾ, 24 ਫਰਵਰੀ (ਪੰਜਾਬ ਮੇਲ) – ਸੀਰੀਆ ਦੇ ਕਸਬੇ ਅਲ-ਬਾਬ ਨੇੜੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਵੱਲੋਂ ਕੀਤੇ ਗਏ ਇਕ ਕਾਰ ਬੰਬ ਧਮਾਕੇ ‘ਚ 51 ਲੋਕ ਮਾਰੇ ਗਏ ਤੇ ਦਰਜਨਾਂ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਤੁਰਕੀ ਦੀ ਹਿਮਾਇਤ ਪ੍ਰਾਪਤ ਸੀਰੀਆ ਦੇ ਵਿਦ੍ਰੋਹੀਆਂ ਦੇ ਅਧਿਕਾਰ ਹੇਠਲੇ ਇਸ ਖੇਤਰ ‘ਚ ਇਕ ਸੁਰੱਖਿਆ ਨਾਕੇ ‘ਤੇ ਇਕ ਆਤਮਘਾਤੀ ਹਮਲਾਵਰ ਨੇ ਕਾਰ ਨੂੰ ਉਡਾ ਦਿੱਤਾ ਜਿਸ ਕਾਰਨ 42 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ‘ਚੋਂ ਬਹੁਤੇ ਆਮ ਨਾਗਰਿਕ ਤੇ ਵਿਦ੍ਰੋਹੀ ਹਨ। ਬੀਤੇ ਦਿਨ ਹੀ ਤੁਰਕੀ ਦੇ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਹਿਮਾਇਤ ਪ੍ਰਾਪਤ ਵਿਦ੍ਰੋਹੀਆਂ ਨੇ ਆਈ.ਐਸ ਨੂੰ ਹਰਾਕੇ ਉੱਤਰ-ਪੱਛਮੀ ਸੀਰੀਆ ਦੇ ਅਲ-ਬਾਬ ਕਸਬੇ ਤੇ ਨੇੜਲੇ ਕਈ ਖੇਤਰਾਂ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਇਲਾਕਾ ਸੀਰੀਆ ਦੇ ਉੱਤਰੀ ਸੂਬੇ ਅਲੇਪੋ ਨਾਲ ਸੰਬੰਧਿਤ ਹੈ ਤੇ ਤੁਰਕੀ ਦੀ ਸਰਹੱਦ ਤੋਂ ਮਹਿਜ਼ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਹੁਣ ਸੀਰੀਆ ਦੇ ਇਸੇ ਖੇਤਰ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੀ ਹੋਂਦ ਬਰਕਰਾਰ ਹੈ।