ਦਿੱਲੀ ਗੁਰਦੁਆਰਾ ਚੋਣਾਂ: ‘ਆਪ’ ਦੇ ਸਿੱਖ ਵਿਧਾਇਕਾਂ ਦੇ ਰਾਹ ਅੱਡੋ ਅੱਡ
ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਦੇ ਰਾਹ ਅੱਡੋ ਅੱਡ ਹੋ ਗਏ ਹਨ। ਕਮੇਟੀ ਦੀਆਂ ਚੋਣਾਂ ਲੜ ਰਹੇ ਪੰਥਕ ਸੇਵਾ ਦਲ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ ਜੀ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਦਿੱਲੀ ਕਮੇਟੀ ਚੋਣਾਂ ਲਈ ਸਰਗਰਮ ਹਨ ਤੇ ‘ਆਪ’ ਦਾ ਇਨ੍ਹਾਂ ਚੋਣਾਂ ਨਾਲ ਕੋਈ ਲਾਗਾ ਦੇਗਾ ਨਹੀਂ। ਸ੍ਰੀ ਕਾਲਕਾ ਮੁਤਾਬਕ ਉਹ ਪਹਿਲਾਂ ਵੀ ਗੋਬਿੰਦਪੁਰੀ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਪੰਥਕ ਸੇਵਾ ਦਲ ਨਾਲ ਜੁੜਨਾ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਪਹਿਲਾਂ ਹੀ ਚੋਣਾਂ ਸਬੰਧੀ ਆਪਣੀ ਸਥਿਤੀ ਸਪਸ਼ਟ ਕਰ ਚੁੱਕੀ ਹੈ। ਉਧਰ ਤਿਲਕ ਨਗਰ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ‘ਆਪ’ ਦਾ ਗੁਰਦੁਆਰਾ ਚੋਣਾਂ ਨਾਲ ਕੋਈ ਸਰੋਕਾਰ ਨਾ ਹੋਣ ਕਰਕੇ ਉਹ ਕਿਸੇ ਵੀ ਧੜੇ ਲਈ ਪ੍ਰਚਾਰ ਨਹੀਂ ਕਰ ਰਹੇ। ਉਂਜ ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਬਲਦੇਵ ਸਿੰਘ ਵਡਾਲਾ ਸਿੱਖ ਕੌਮ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਹਨ। ਸਾਬਕਾ ਵਿਧਾਇਕ ਨੇ ਰਾਜੌਰੀ ਗਾਰਡਨ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਾਇਆ ਸੀ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਹ ਸਰਨਾ ਭਰਾਵਾਂ ਦੀ ਮਦਦ ਕਰ ਸਕਦੇ ਹਨ, ਪਰ ਉਨ੍ਹਾਂ ਇਨ੍ਹਾਂ ਕਿਆਸਅਰਾਈਆਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।