ਡੇਰਾ ਦੀ ਹਮਾਇਤ ਬਾਦਲਾਂ ’ਤੇ ਪੈਣ ਲੱਗੀ ਪੁੱਠੀ
ਚੰਡੀਗੜ੍ਹ, 13 ਫਰਵਰੀ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਲਏ ਜਾਣ ਦਾ ਮਾਮਲਾ ਭਵਿੱਖ ਲਈ ਵੱਡੀ ਰਾਜਸੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਸ ਦਾ ਤਾਜ਼ਾ ਅਸਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਦੇਖਿਆ ਜਾ ਰਿਹਾ ਹੈ। ਪਾਰਟੀ ਨਾਲ ਸਬੰਧਤ ਦਿੱਲੀ ਦੇ ਅਕਾਲੀ ਆਗੂਆਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਹੈ ਕਿ ਡੇਰਾ ਸਿਰਸਾ ਦੀ ਹਮਾਇਤ ਵਿੱਚ ਗਏ ਨੇਤਾਵਾਂ ਨੂੰ ਦਿੱਲੀ ਦੀਆਂ ਚੋਣਾਂ ਤੋਂ ਦੂਰ ਹੀ ਰੱਖਿਆ ਜਾਵੇ। ਇਸ ਮਾਮਲੇ ’ਤੇ ਪਾਰਟੀ ਦੀ ਕੋਰ ਕਮੇਟੀ ਦੀ ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਵੀ ਭਰਵੀਂ ਚਰਚਾ ਹੋਈ।
ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਡੇਰੇ ਵਿੱਚ ਜਾ ਕੇ ਵੋਟਾਂ ਮੰਗਣ ਵਾਲੇ ਅਕਾਲੀ ਨੇਤਾਵਾਂ ਨੇ ਜਿੱਥੇ ਇਸ ਮਾਮਲੇ ਨੂੰ ਸਰਸਰੀ ਮੰਨਦਿਆਂ ਰਸਮੀ ਕਾਰਵਾਈ ਨਾਲ ‘ਰਫ਼ਾ-ਦਫ਼ਾ’ ਕਰਨ ਦਾ ਤਰਕ ਪੇਸ਼ ਕੀਤਾ ਉਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਇਸ ਮਾਮਲੇ ਦਾ ਅਕਾਲ ਤਖ਼ਤ ਉੱਤੇ ਮੁਕੰਮਲ ਕਾਰਵਾਈ ਕਰਨ ਤੋਂ ਬਾਅਦ ਹੀ ਨਿਬੇੜਾ ਹੋਣਾ ਚਾਹੀਦਾ ਹੈ।