ਨੋਟਬੰਦੀ ਦੇ ਮੁੱਦੇ ‘ਤੇ ਮੋਦੀ ਨੇ ਉਡਾਇਆ ਰਾਹੂਲ ਗਾਂਧੀ ਦਾ ਮਜਾਕ
ਕਿਹਾ, ਮੈਂ ਖ਼ੁਸ਼ ਹਾਂ ਕਿ ਰਾਹੁਲ ਬੋਲਿਆ, ਨਹੀਂ ਬੋਲਦਾ ਤਾਂ ਭੁਚਾਲ ਜ਼ਰੂਰ ਆਉਂਦਾ
ਵਾਰਾਣਸੀ, 22 ਦਸੰਬਰ (ਏਜੰਸੀਆਂ ਰਾਹੀਂ)-ਨੋਟਬੰਦੀ ਦੇ ਮੁੱਦੇ ‘ਤੇ ਸੰਸਦ ਵਿਚ ਰੁਕਾਵਟ ਪਾਉਣ ਲਈ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਭ੍ਰਿਸ਼ਟ ਲੋਕਾਂ ਨੂੰ ਉਸ ਤਰ੍ਹਾਂ ਬਚਾਉਣ ਦੀ ਕੋਸ਼ਿਸ ਕਰ ਰਹੀਆਂ ਹਨ ਜਿਸ ਤਰ੍ਹਾਂ ਪਾਕਿਸਤਾਨ ਅੱਤਵਾਦੀਆਂ ਨੂੰ ਸਰਹੱਦ ਲੰਘਾਉਣ ਲਈ ਗੋਲੀ ਚਲਾਉਂਦਾ ਹੈ। ਨੋਟਬੰਦੀ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਸ੍ਰੀ ਮੋਦੀ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਵੀ ਪਲਟਵਾਰ ਕਰਦਿਆਂ ਕਿਹਾ ਕਿ ਮੈਂ ਖ਼ੁਸ਼ ਹਾਂ ਕਿ ਰਾਹੁਲ ਬੋਲਿਆ, ਜੇਕਰ ਨਹੀਂ ਬੋਲਦਾ ਤਾਂ ਭੁਚਾਲ ਜ਼ਰੂਰ ਆ ਜਾਂਦਾ। ਸ੍ਰੀ ਮੋਦੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਦੇ ਨਾਲ-ਨਾਲ ਕਈ ਲੋਕਾਂ ਦੇ ਕਾਲੇ ਮਨ ਵੀ ਜੱਗ ਜ਼ਾਹਰ ਕਰ ਦੇਵੇਗੀ। ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਵੱਡੇ ਕਦਮ ਦੇ ਨਤੀਜਿਆਂ ਬਾਰੇ ਸੋਚਿਆ ਨਹੀਂ ਸੀ। ਅਸਲ ਵਿਚ ਉਨ੍ਹਾਂ ਇਸ ਬਾਰੇ ਨਹੀਂ ਸੋਚ ਸਕਿਆ ਕਿ ਕਿੰਨੀ ਢੀਠਤਾਈ ਨਾਲ ਕੁਝ ਰਾਜਸੀ ਪਾਰਟੀਆਂ ਅਤੇ ਨੇਤਾ ਭ੍ਰਿਸ਼ਟ ਲੋਕਾਂ ਨੂੰ ਬਚਾਉਣ ਲਈ ਅੱਗੇ ਆਉਣਗੇ। ਉਹ ਖੁਸ਼ ਹਨ ਕਿ ਕਾਲੇ ਧਨ ਦੇ ਖ਼ਾਤਮੇ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੇ ਕਈ ਕਾਲੇ ਮਨ ਵੀ ਬੇਪਰਦਾ ਕਰ ਦਿੱਤੇ ਹਨ। 8 ਨਵੰਬਰ ਨੂੰ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਪਿੱਛੋਂ ਆਪਣੇ ਸੰਸਦੀ ਹਲਕੇ ਵਿਚ ਪਹਿਲੀ ਵਾਰ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਬਨਾਰਸ ਹਿੰਦੂ ਯੂਨੀਵਰਸਿਟੀ ਕੈਂਪਸ ਦੇ ਮੈਦਾਨ ਵਿਚ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਨੋਟਬੰਦੀ ਦੇ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕਰਨ ਵਾਲੇ ਵਿਰੋਧੀ ਪਾਰਟੀਆਂ ਨੂੰ ਬੇਸ਼ਰਮੀ ਨਾਲ ਭ੍ਰਿਸ਼ਟ ਤੇ ਬੇਈਮਾਨ ਲੋਕਾਂ ਦੇ ਪੱਖ ਵਿਚ ਖੜਾ ਹੋਣ ਲਈ ਉਨ੍ਹਾਂ ‘ਤੇ ਹਮਲਾ ਕੀਤਾ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀਂ ਸੰਸਦ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦੀ ਕਾਰਵਾਈ ਨੂੰ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਉਸ ਗੋਲੀਬਾਰੀ ਨਾਲ ਕੀਤੀ ਜਿਹੜੀ ਅੱਤਵਾਦੀਆਂ ਨੂੰ ਲੰਘਾਉਣ ਲਈ ਕੀਤੀ ਜਾਂਦੀ ਹੈ।
ਕਾਂਗਰਸੀ ਨੇਤਾਵਾਂ ‘ਤੇ ਹਮਲਾ
ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ ਤੇ ਪੀ. ਚਿਦੰਬਰਮ ‘ਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦਲੀਲ ਹੈ ਕਿ ਗਰੀਬੀ, ਅਨਪੜ੍ਹਤਾ ਤੇ ਦੇਸ਼ ਦੇ ਪਿੰਡਾਂ ਤੱਕ ਬਿਜਲੀ ਨਾ ਪਹੁੰਚਣ ਕਾਰਨ ਨਕਦੀ ਰਹਿਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ ਵਿਅਰਥ ਹੈ। ਉਨ੍ਹਾਂ ਦੀ ਇਹ ਦਲੀਲ ਉਨ੍ਹਾਂ ਦੇ ਆਪਣੇ ਹੀ ਰਿਪੋਰਟ ਕਾਰਡ ਨੂੰ ਖੋਲ੍ਹ ਕੇ ਰੱਖ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹੈ ਕਿ ਕੀ ਮਨਮੋਹਨ ਸਿੰਘ ਖਰਾਬ ਸਥਿਤੀ ਨੂੰ ਸਵੀਕਾਰ ਕਰਨ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰ ਰਹੇ ਸੀ। ਆਖਰ ਉਹ ਦੋ ਵਾਰ ਪ੍ਰਧਾਨ ਮੰਤਰੀ ਅਤੇ ਇਕ ਵਾਰ ਵਿੱਤ ਮੰਤਰੀ ਰਹਿ ਚੁੱਕੇ ਹਨ। 1970 ਦੇ ਦਹਾਕੇ ਤੋਂ ਉਹ ਖ਼ਾਸ ਅਹੁਦੇ ਸੰਭਾਲ ਰਹੇ ਹਨ।