ਜ਼ਮੀਰ ਦੀ ਅਵਾਜ਼ ਪਛਾਣਦਿਆਂ ਰਾਗੀ ਜਥੇ ਵਲੋਂ ਐਸ. ਐਸ. ਪੀ. ਘੋਟਣੇ ਦੇ ਭੋਗ ’ਤੇ ਕੀਰਤਨ ਕਰਨ ਤੋਂ ਕੀਤਾ ਇਨਕਾਰ
ਲੁਧਿਆਣਾ, 22 ਫਰਵਰੀ (ਪ.ਪ.): ਸਿੱਖ ਸੰਘਰਸ਼ ਦੌਰਾਨ ਖਾੜਕੂ ਸਿੰਘਾਂ ਅਤੇ ਉਹਨਾਂ ’ਤੇ ਹਮਾਇਤੀਆਂ ਉਪਰ ਤਸ਼ੱਦਦ ਢਾਹ ਕੇ ,ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਐਸ.ਐਸ.ਪੀ. ਸਵਰਨ ਸਿੰਘ ਘੋਟਣੇ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ, ਜਿਸ ਨਮਿੱਤ ਰੱਖੇ ਪਾਠ ਦੇ ਭੋਗ ਸਮੇਂ ਸ਼੍ਰੀ ਹਰਮੰਦਿਰ ਸਾਹਿਬ ਦੇ ਇੱਕ ਰਾਗੀ ਸਿੰਘ ਨੇ ਕੀਰਤਨ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ । ਇਥੇ ਦੱਸਣਯੋਗ ਹੈ ਕਿ ਉਪਰੋਕਤ ਰਾਗੀ ਸਿੰਘ ਦੀ ਡਿਊਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਈ ਗਈ ਸੀ , ਜਦੋਂ ਇਸ ਸੰਬੰਧੀ ਡਿਊਟੀ ਲਾਉਣ ਵਾਲੇ ਸਕੱਤਰ ਨੂੰ ਪਤਾ ਲੱਗਾ ਤਾਂ ਉਸ ਨੇ ਸੰਬੰਧਿਤ ਰਾਗੀ ਨੂੰ ਜਾਂਚ ਪੜਤਾਲ ਦੀ ਧਮਕੀ ਦਿੱਤੀ, ਜਿਸ ਦੀ ਸੂਚਨਾ ਮਿਲਦਿਆਂ ਸ੍ਰੀ ਹਰਮੰਦਿਰ ਸਾਹਿਬ ਦੇ ਸਮੂਹ ਰਾਗੀ ਸਿੰਘਾਂ ਨੇ ਸਵਰਨ ਸਿੰਘ ਘੋਟਣੇ ਦੇ ਪਾਠ ਮੌਕੇ ਕੀਰਤਨ ਅਤੇ ਅਰਦਾਸ ਕਰਨ ਤੋਂ ਸਾਫ ਇਨਕਾਰ ਕਰਦਿਆਂ ਸਮੁੱਚੇ ਪੰਜਾਬ ਦੇ ਗ੍ਰੰਥੀ ਅਤੇ ਕੀਰਤਨੀ ਜਥਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਪਛਾਣਦਿਆਂ ਇਸ ਮੌਕੇ ਕਿਸੇ ਵੀ ਤਰਾਂ ਸ਼ਾਮਲ ਨਾ ਹੋਣ।
ਇਥੇ ਦੱਸਣਯੋਗ ਹੈ ਕਿ ਇਹ ਉਹੀ ਸਵਰਨ ਸਿੰਘ ਘੋਟਣਾ ਹੈ ਜਿਸ ਉਪਰ ਸਿੱਖ ਨੌਜੁਆਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦੇ ਦੋਸ਼ ਹਨ ਕਿ ਸਭ ਤੋਂ ਪਹਿਲਾਂ ਇਸ ਨੇ ਭਾਈ ਲੱਖਾ ਸਿੰਘ ਨਾਗੋਕੇ ਨੂੰ ਸ਼ਹੀਦ ਕੀਤਾ, ਫਿਰ ਆਪਣੇ ਗੰਨਮੈਨਾਂ ਨੂੰ ਨਿਹੰਗ ਸਿੰਘਾਂ ਦਾ ਬਾਣਾ ਪੁਆ ਕੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਖਲਚੀਆਂ ਤੋਂ ਚੁਕਵਾਇਆ ਅਤੇ ਆਪਣਾ ਸ਼ਿਕਾਰ ਬਣਾਇਆ ।
ਇਥੇ ਹੀ ਬੱਸ ਨਹੀਂ ਭਾਈ ਗੁਰਦੇਵ ਸਿੰਘ ਦੇਬੂ ਨੂੰ ਉਬਲਦੇ ਪਾਣੀ ’ਚ ਉਬਾਲ ਉਬਾਲ ਨੇ ਸ਼ਹੀਦ ਕੀਤਾ । ਇਸ ਤੋਂ ਵੱਡਾ ਜ਼ੁਲਮ ਇਸ ਨੇ ਪਿੰਡ ਦਾਊ ’ਚ ਦੋ ਸਿੱਖ ਨੌਜਵਾਨ ਬੀਬੀਆਂ ਨੂੰ ਅਲਫ ਨੰਗੀਆਂ ਕਰਕੇ ਪਿੰਡ ’ਚ ਘੁੰਮਾ ਕੇ ਕੀਤਾ । ਇਸ ਨੇ ਹੀ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕੀਤਾ ਸੀ । ਫਿਰ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ’ਚ ਬੈਠੇ ਗ੍ਰੰਥੀ ਸਿੰਘ ਨੂੰ ਘਸੀਟ ਘਸੀਟ ਕੇ ਸ਼ਹੀਦ ਕੀਤਾ ਸੀ। ਇਥੇ ਦਸੱਣਯੋਗ ਹੈ ਕਿ ਸ੍ਰੀ ਦਰਬਾਰ ਸਾ ਹਿਬ ਉਪਰ ਹਮਲਾ ਕਰਵਾਉਣ ਵਾਲੇ ਜਨਰਲ ਆਰ ਐਸ ਦਿਆਲ ਦੀ ਅੰਤਿਮ ਅਰਦਾਸ ਪੰਚਕੂਲੇ ਦੇ ਸੈਕਟਰ 7 ਦੇ ਗੁਰੂਦੁਆਰਾ ਵਿਖੇ ਹੋਣੀ ਸੀ ਪਰ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਦਿਆਂ ਨਹੀਂ ਸੀ ਹੋਣ ਦਿੱਤੀ । ਸਮੂਹ ਰਾਗੀ ਸਿੰਘਾਂ ਨੇ ਸਮੁੱਚੇ ਪੰਜਾਬ ਦੇ ਰਾਗੀ ਜਥਿਆਂ ਅਤੇ ਗ੍ਰੰਥੀ ਸਿੰਘਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਪਛਾਨਣ ਦੀ ਅਪੀਲ ਕੀਤੀ ਹੈ ।