ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸ਼੍ਰੋਮਣੀ ਕਮੇਟੀਓਂ ਕੱਢੇ ਪ੍ਰਚਾਰਕ ਭਾਈ ਬਸੰਤ ਸਿੰਘ ਸੇਮਾ ਨੂੰ ‘ਸ੍ਰੀ ਗੁਰੂ ਗ੍ਰੰਥ ਪ੍ਰਚਾਰ ਟ੍ਰਸਟ’ ਲੁਧਿਆਣਾ ਨੌਕਰੀ ਦੇਵੇਗਾ :
ਸ਼੍ਰੋਮਣੀ ਕਮੇਟੀਓਂ ਕੱਢੇ ਪ੍ਰਚਾਰਕ ਭਾਈ ਬਸੰਤ ਸਿੰਘ ਸੇਮਾ ਨੂੰ ‘ਸ੍ਰੀ ਗੁਰੂ ਗ੍ਰੰਥ ਪ੍ਰਚਾਰ ਟ੍ਰਸਟ’ ਲੁਧਿਆਣਾ ਨੌਕਰੀ ਦੇਵੇਗਾ :
Page Visitors: 2498

  ਸ਼੍ਰੋਮਣੀ ਕਮੇਟੀਓਂ ਕੱਢੇ ਪ੍ਰਚਾਰਕ ਭਾਈ ਬਸੰਤ ਸਿੰਘ ਸੇਮਾ ਨੂੰ ‘ਸ੍ਰੀ ਗੁਰੂ ਗ੍ਰੰਥ ਪ੍ਰਚਾਰ ਟ੍ਰਸਟ’ ਲੁਧਿਆਣਾ ਨੌਕਰੀ ਦੇਵੇਗਾ :          ਗਿਆਨੀ ਜਾਚਕ
ਬਠਿੰਡਾ, 23 ਫਰਵਰੀ (ਕਿਰਪਾਲ ਸਿੰਘ): ਜੇਕਰ 28 ਫਰਵਰੀ ਤੱਕ ਸ਼੍ਰੋਮਣੀ ਕਮੇਟੀ ਨੇ ਭਾਈ ਬਸੰਤ ਸਿੰਘ ਸੇਮਾ (ਡਬਲ ਐਮ.ਏ) ਨੂੰ ਪ੍ਰਚਾਰਕ ਵਜੋਂ ਨੌਕਰੀ ’ਤੇ ਮੁੜ ਬਹਾਲ ਨਾ ਕੀਤਾ ਤਾਂ ਸ੍ਰੀ ਗੁਰੂ ਗ੍ਰੰਥ ਪ੍ਰਚਾਰ ਟ੍ਰਸਟ ਲੁਧਿਆਣਾ, ਉਸ ਨੂੰ ਪਹਿਲੀ ਮਾਰਚ ਤੋਂ ਬਠਿੰਡੇ ਦੇ ਇਲਾਕੇ ਲਈ ਨਿਯੁਕਤੀ ਪੱਤਰ ਦੇਵੇਗਾ।
ਗਿਆਨੀ ਜਸਬੀਰ ਸਿੰਘ ਵੈਨਕੂਵਰ ਤੇ ਉਨ੍ਹਾਂ ਦੇ ਸਾਥੀ ਇਸ ਪੱਖੋਂ ਟ੍ਰਸਟ ਦੀ ਮਾਇਕ ਸਹਾਇਤਾ ਕਰਨਗੇ। ਕਿਉਂਕਿ, ਟ੍ਰਸਟ ਮਹਿਸੂਸ ਕਰਦਾ ਹੈ ਕਿ ਪ੍ਰਚਾਰਕ ਸੇਮਾ ਜੀ ਨਾਲ ਧੱਕਾ ਤੇ ਅਨਿਆ ਹੋਇਆ ਹੈ। ਅਸਲ ਵਿੱਚ ਇਹੀ ਕਾਰਣ ਸੀ ਕਿ ਉਸ ਦੇ ਬੱਚੇ ਇਸਾਈ ਮੱਤ ਵਲ ਝੁਕੇ। 
ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸ੍ਰੀ ਦਰਬਾਰ ਸਾਹਿਬ ਦੇ ਇੱਕ ਹੈੱਡ ਗ੍ਰੰਥੀ ਦਾ ਬੇਟਾ ਵੀ ਆਪਣੇ ਬਾਪ ਨਾਲ ਹੋਏ ਦੁਰਵਿਹਾਰ ਕਾਰਨ ਪਹਿਲਾਂ ਹੀ ਈਸਾਈ ਮੱਤ ਦਾ ਮੁੱਖ ਪ੍ਰਚਾਰਕ ਬਣ ਚੁੱਕਾ ਹੈ।
ਇਹ ਜਾਣਕਾਰੀ ਪ੍ਰਚਾਰ ਟ੍ਰਸਟ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਪ੍ਰੈਸਨੋਟ ਰਾਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਕੁਝ ਸੁਹਿਰਦ ਸੱਜਣਾਂ ਦਾ ਖ਼ਿਆਲ ਹੈ ਕਿ ਅਜਿਹੇ ਸਿਦਕਹੀਣਾਂ ਦੀਆਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਕਿਉਂਕਿ, ਕਈ ਹੋਰਨਾਂ ਦੇ ਮੂੰਹ ਵਿੱਚ ਵੀ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ। ਗਿਆਨੀ ਜਸਬੀਰ ਸਿੰਘ ਵੈਨਕੂਵਰ, ਜਥੇਦਾਰ ਤਰਸੇਮ ਸਿੰਘ (ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ), ਭਾਈ ਗੁਰਦੇਵ ਸਿੰਘ ਬਟਾਲਵੀ, ਭਾਈ ਦਲਜੀਤ ਸਿੰਘ ਨਿਓਡਾ ਤੇ ਪੱਤਰਕਾਰ ਭਾਈ ਕ੍ਰਿਪਾਲ ਸਿੰਘ ਬਠਿੰਡਾ ਵਰਗੇ ਕਈ ਪੰਥ ਦਰਦੀਆਂ ਦਾ ਕਹਿਣਾ ਸੀ ਕਿ ਭਾਵੇਂ ਉਪਰੋਕਤ ਪੱਖ ਵੀ ਵਿਚਾਰਨਯੋਗ ਹੈ। ਪਰ, ਕਿਸੇ ਵੀ ਸਮਾਜ ਅਥਵਾ ਕੌਮ ਲਈ ਇਹ ਸ਼ਰਮਨਾਕ ਘਟਨਾ ਹੁੰਦੀ ਹੈ ਕਿ ਉਸ ਦਾ ਕੋਈ ਮੈਂਬਰ ਧੱਕੇ ਤੇ ਅਨਿਆਂ ਤੋਂ ਦੁਖੀ ਹੋ ਕੇ ਅਜਿਹਾ ਫੈਸਲਾ ਲਵੇ। ਇਸ ਲਈ ਟ੍ਰਸਟ ਨੇ ਫੈਸਲਾ ਲਿਆ ਹੈ ਕਿ ਉਹ ਭਾਈ ਬਸੰਤ ਸਿੰਘ ਸੇਮਾ ਤੋਂ ਪ੍ਰਚਾਰ ਦੀ ਸੇਵਾ ਲੈਣਗੇ।
ਗਿਆਨੀ ਜਾਚਕ ਨੇ ਨਿਸ਼ਕਾਮ ਟ੍ਰਸਟ ਦਿੱਲੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਜਥੇਦਾਰ ਤਰਸੇਮ ਸਿੰਘ ਦੀ ਪ੍ਰੇਰਨਾ ਨਾਲ ਸੇਮਾ ਜੀ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿਮੇਵਾਰੀ ਲਈ ਹੈ। ਆਸ ਹੈ ਕਿ ਹੋਰ ਵੀ ਮਾਨਵਵਾਦੀ ਤੇ ਸਿੱਖ ਜਥੇਬੰਦੀਆਂ ਵੀ ਅਜਿਹੀ ਸੋਚ ਅਧੀਨ ਪੀੜਤ ਪ੍ਰਵਾਰਾਂ ਦੀ ਸਾਰ ਲੈਣਗੀਆਂ। ਸਿੱਖ ਸੰਗਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਾਜਨੀਤਕਾਂ ਦੇ ਕਬਜ਼ੇ ਹੇਠਲੇ ਗੁਰਦੁਆਰਿਆਂ ਦੀਆਂ ਗੋਲਕਾਂ ਭਰਨ ਦੀ ਥਾਂ ਗ਼ਰੀਬ ਦੇ ਮੂੰਹ ਨੂੰ ਗੁਰੂ ਕੀ ਗੋਲਕ ਬਨਾਉਣ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.