ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਦੀ ਸਕੱਤਰੇਤ ਦੀ ਤਲਾਸ਼ੀ ਮੁਹਿੰਮ ਸ਼ੁਰੂ
* ਜਥੇਦਾਰ ਦੇ ਨਜ਼ਦੀਕੀਆਂ ਵਿੱਚ ਰੋਸ
* ਹੋ ਸਕਦੀ ਹੈ, ਕਿਸੇ ਸ਼੍ਰੋਮਣੀ ਅਧਿਕਾਰੀ ਦੀ ਬਲੀ
ਅੰਮ੍ਰਿਤਸਰ 18 ਫਰਵਰੀ (ਜਸਬੀਰ ਸਿੰਘ): ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਵਿਚਕਾਰ ਸਬੰਧ ਸੁਖਾਵੇ ਨਜ਼ਰ ਨਹੀਂ ਆ ਰਹੇ ਕਿਉਕਿ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਦੀ ਇੱਕ ਟੀਮ ਨੇ ਜਥੇਦਾਰ ਦੀ ਗੈਰ ਹਾਜਰੀ ਵਿੱਚ ਦਫਤਰ ਦੇ ਸਮਾਨ ਦੀ ਫਰੋਲਾ ਫਰੋਲੀ ਕਰਨ ਦੇ ਨਾਲ ਨਾਲ ਕੰਪਿਊਟਰ ਵਿਚਲੀਆ ਫਾਇਲਾਂ ਦੀ ਮਾਹਿਰਾਂ ਕੋਲੋ ਜਾਂਚ ਕਰਵਾਈ ਪਰ ਖਬਰ ਲਿਖੇ ਜਾਣ ਤੱਕ ਪੂਰੇ ਵੇਰਵੇ ਨਹੀਂ ਮਿਲ ਸਕੇ ਕਿ ਛਾਪੇ ਦੌਰਾਨ ਇਸ ਟੀਮ ਨੂੰ ਕੋਈ ਕਾਮਯਾਬੀ ਹਾਸਲ ਹੋਈ ਹੈ, ਜਾਂ ਨਹੀਂ ਪਰ ਜਥੇਦਾਰ ਦੀ ਆਮਦ ਤੇ ਇਹ ਘਟਨਾ ਵਿਸ਼ੇਸ਼ ਰੂਪ ਧਾਰਨ ਕਰ ਸਕਦੀ ਹੈ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪਬਲੀਸਿਟੀ ਵਿਭਾਗ ਦੇ ਇੱਕ ਅਧਿਕਾਰੀ ਦੀ ਅਗਵਾਈ ਹੇਠ ਅੱਜ ਸਵੇਰੇ ਇੱਕ ਸ਼੍ਰੋਮਣੀ ਕਮੇਟੀ ਦੇ ਇੱਕ ਦਸਤੇ ਨੇ ਸ੍ਰੀ ਅਕਾਲ ਤਖਤ ਦੇ ਦਫਤਰ ਤੇ ਧਾਵਾ ਬੋਲਿਆ ਅਤੇ ਪਹਿਲਾਂ ਉਹਨਾਂ ਨੇ ਦਫਤਰੀ ਸਾਜੋ ਸਮਾਨ ਦੀ ਫਰੋਲਾ ਫਰੋਲੀ ਕੀਤੀ ਤੇ ਫਿਰ ਕਾਫੀ ਦੇਰ ਕੰਪਿਊਟਰ ਦਾ ਨਿਰੀਖਣ ਕਰਦੇ ਰਹੇ। ਇਸ ਬਾਰੇ ਤਾਂ ਭਾਂਵੇ ਪਤਾ ਨਹੀਂ ਲੱਗ ਸਕਿਆ ਕਿ ਕੰਪਿਊਟਰ ਵਿੱਚੋਂ ਉਹ ਕਿਹੜੀ ਗੁਆਚੀ ਪੰਥਕ ਸੁਗਾਤ ਲੱਭਦੇ ਰਹੇ ਸਨ ਪਰ ਇਹ ਛਾਪਾ ਮਾਰ ਟੀਮ ਦੇ ਮੈਂਬਰ ਇਹ ਕਹਿੰਦੇ ਹੋਏ ਚੱਲੇ ਗਏ ਕਿ ਹਾਲੇ ਤੱਕ ਤਾਂ ਕੁਝ ਵੀ ਬਰਾਮਦ ਨਹੀਂ ਹੋਇਆ ਕਿਉਕਿ ਇਸ ਦੀ ਜਾਣਕਾਰੀ ਆਪਣੇ ਮੋਬਾਇਲ ਫੋਨ ਰਾਹੀ ਛਾਪਾਮਾਰ ਅਧਿਕਾਰੀ ਕਿਸੇ ਹੋਰ ਨੂੰ ਦੇ ਰਿਹਾ ਸੀ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਵੇਲੇ ਵਿਦੇਸ਼ ਦੌਰੇ ‘ਤੇ ਧਰਮ ਪ੍ਰਚਾਰ ਦੇ ਮਕਸਦ ਲਈ ਗਏ ਹੋਏ ਹਨ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਦਫਤਰ ‘ਤੇ ਸ਼ਰੋਮਣੀ ਕਮੇਟੀ ਵੱਲੋਂ ਧਾਵਾ ਬੋਲਣਾ ਸਾਬਤ ਕਰਦਾ ਹੈ ਕਿ ਸਭ ਅੱਛਾ ਨਹੀਂ ਹੈ। ਇਹ ਧਾਵਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਆਦੇਸ਼ਾਂ ਤੇ ਬੋਲਿਆ ਗਿਆ ਹੈ ਜਾਂ ਫਿਰ ਕਿਸੇ ਹੋਰ ਅਧਿਕਾਰੀ ਨੇ ਆਦੇਸ਼ਾਂ ਤੇ ਬੋਲਿਆ, ਇਸ ਬਾਰੇ ਵੀ ਡੂੰਘਾਈ ਨਾਲ ਘੋਖ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਦੀ ਜਾਣਕਾਰੀ ਨਹੀਂ ਮਿਲੀ। ਜਥੇਦਾਰ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਦਫਤਰ ਦੀ ਤਲਾਸ਼ੀ ਲੈਣੀ ਸਾਬਤ ਕਰਦੀ ਹੈ ਕਿ ਸ੍ਰੋਮਣੀ ਕਮੇਟੀ ਪਰਧਾਨ ਤੇ ਅਕਾਲੀ ਦਲ ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਜਾਂ ਤਾਂ ਜਥੇਦਾਰ ਤੇ ਵਿਸ਼ਵਾਸ਼ ਨਹੀਂ ਰਿਹਾ ਤੇ ਜਾ ਫਿਰ ਜਾਣ ਬੁੱਝ ਕੇ ਜਥੇਦਾਰ ਤੇ ਉਹਨਾਂ ਦੇ ਅਮਲੇ ਨੂੰ ਪਰੇਸ਼ਾਨ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਜਥੇਦਾਰ ਅਕਾਲ ਤਖਤ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਜਥੇਦਾਰ ਜੀ ਦੀ ਵਾਪਸੀ ‘ਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨੋਟਿਸ ਵਿੱਚ ਲਿਆਦਾ ਜਾਵੇਗਾ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਅਧਿਕਾਰੀ ਨੇ ਸਿੱਖਾਂ ਦੀ ਸਨਮਾਨਯੋਗ ਤੇ ਉ¤ਚੇ ਰੁਤਬੇ ਵਾਲੀ ਹਸਤੀ ਦੇ ਦਫਤਰ ਦੀ ਤਲਾਸ਼ੀ ਲੈਣ ਦੀ ਹਿੰਮਤ ਕੀਤੀ ਹੈ। ਜਥੇਦਾਰ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਵੱਲੋਂ ਕੀਤੀ ਗਈ ਇਸ ਕਾਰਵਾਈ ਪ੍ਰਤੀ ਭਾਰੀ ਰੋਸ ਹੈ ਅਤੇ ਇਹ ਹਰਕਤ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਦੀ ਬਲੀ ਵੀ ਲੈ ਸਕਦੀ ਹੈ। ਜਥੇਦਾਰ ਜੀ ਦੇ ਭਲਕੇ 19 ਫਰਵਰੀ ਨੂੰ ਵਾਪਸ ਪਰਤਣ ਦੀ ਸੰਭਵਾਨਾ ਹੈ। ਇਸ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਦੇ ਇੱਕ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਸਿਰਫ ਇੰਨਾ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਪੱਤਰਕਾਰਾਂ ਦੇ ਹੀ ਪਾਏ ਪੁਆੜੇ ਉਹਨਾਂ ਨੂੰ ਭੁਗਤਣੇ ਪੈ ਰਹੇ ਹਨ।
ਸ਼ੱਕ ਕੀਤਾ ਜਾਂਦਾ ਹੈ ਬੀਤੇ ਦਿਨੀ ਇੱਕ ਅਖਬਾਰ ਨੂੰ ਇਸ਼ਤਿਹਾਰ ਦੇਣ ਦੇ ਮਾਮਲੇ ਨੂੰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਕਾਫੀ ਖੱਫਾ ਹਨ ਅਤੇ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆ ਤੇ ਹੋਰ ਇਸ਼ਤਿਹਾਰ ਦੇਣ ਵਾਲੀਆ ਸੰਸਥਾਵਾਂ ਨੂੰ ਸਪੱਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਤੋ ਚਿੜ ਖਾ ਕੇ ਇਹ ਤਲਾਸ਼ੀ ਮੁਹਿੰਮ ਦਬਾ ਬਣਾਉਣ ਲਈ ਆਰੰਭੀ ਗਈ ਦੱਸੀ ਜਾਂਦੀ ਹੈ ਤਾਂ ਕਿ ਦੋਸ਼ੀ ਅਧਿਕਾਰੀਆ ਦੇ ਖਿਲਾਫ ਅਕਾਲ ਤਖਤ ਤੋ ਕੋਈ ਕਾਰਵਾਈ ਨਾ ਹੋ ਸਕੇ।
ਸ੍ਰੀ ਅਕਾਲ ਤਖਤ ਦੇ ਸਕੱਤਰੇਤ ਦੇ ਸਕੱਤਰ ਸ੍ਰੀ ਭੁਪਿੰਦਰ ਸਿੰਘ ਸਰਪੰਚ ਨੂੰ ਜਦੋ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਦੀ ਕੋਈ ਤਲਾਸ਼ੀ ਨਹੀਂ ਹੋਈ। ਜਦੋਂ ਉਹਨਾਂ ਨੂੰ ਪੁੱਛਿਆ ਕਿ ਕੁਝ ਅਧਿਕਾਰੀ ਵਿਸ਼ੇਸ਼ ਤੌਰ ਤੇ ਆਏ ਸਨ ਤਾਂ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤਾਂ ਅਕਸਰ ਹੀ ਆਉਦੇ ਰਹਿੰਦੇ ਹਨ। ਭਾਂਵੇ ਸੂਤਰਾਂ ਮੁਤਾਬਕ ਤਲਾਸ਼ੀ ਹੋਈ ਹੈ ਪਰ ਭੁਪਿੰਦਰ ਸਿੰਘ ਨੇ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਉਹਨਾਂ ਦੀ ਜਾਣਕਾਰੀ ਹਿੱਤ ਅਜਿਹੀ ਕੋਈ ਘਟਨਾ ਨਹੀਂ ਵਾਪਰੀ ।
ਖ਼ਬਰਾਂ
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਦੀ ਸਕੱਤਰੇਤ ਦੀ ਤਲਾਸ਼ੀ ਮੁਹਿੰਮ ਸ਼ੁਰੂ
Page Visitors: 2537