ਪਾਕਿਸਤਾਨ ਵਿਖੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹੁਣ ਸ਼੍ਰੋਮਣੀ ਕਮੇਟੀ ਕਰੇਗੀ- ਮੱਕੜ
ਅੰਮ੍ਰਿਤਸਰ, 5 ਫਰਵਰੀ-ਪਾਕਿਸਤਾਨ ਔਕਾਫ਼ ਬੋਰਡ ਵੱਲੋਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਇਮਾਰਤ ਦੀ ਕਾਰ ਸੇਵਾ ਜੋ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸੌਂਪੀ ਗਈ ਸੀ, ਹੁਣ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ।
ਇਥੇ ਦੱਸਣਯੋਗ ਹੈ ਕਿ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਵਿਚ ਸਰਨਾ ਧੜੇ ਦੀ ਹਾਰ ਤੋਂ ਬਾਅਦ ਪਾਕਿਸਤਾਨ ਔਕਾਫ਼ ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਵੱਲ ਨੇੜਤਾ ਦਾ ਹੱਥ ਵਧਾਉਣਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਔਕਾਫ਼ ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁਕਾਬਲੇ ਦਿੱਲੀ ਕਮੇਟੀ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਰਹੀ ਹੈ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਗੁਰਧਾਮਾਂ ਦੀ ਸੇਵਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਸਾਰੇ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਚਲਾਇਆ ਜਾਂਦਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਹੀ ਪਾਕਿਸਤਾਨ ਦੇ ਗੁਰਧਾਮਾਂ ਦੀ ਸਾਂਭ- ਸੰਭਾਲ ਕਰਦੀ ਰਹੀ ਹੈ ਪਰ 1999 ਵਿਚ ਔਕਾਫ਼ ਬੋਰਡ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਕੇ ਇਹ ਹੱਕ ਖੋਹ ਲਏ ਗਏ ਸਨ। ਰੋਸ ਵਜੋਂ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਜਥੇ ਭੇਜਣੇ ਬੰਦ ਕਰ ਦਿੱਤੇ ਸਨ। ਉਨ੍ਹਾਂ ਆਖਿਆ ਕਿ ਉਹ ਜਲਦੀ ਹੀ ਪਾਕਿਸਤਾਨ ਦੌਰੇ ’ਤੇ ਜਾਣਗੇ ਅਤੇ ਇਨ੍ਹਾਂ ਸਮੁੱਚੇ ਮਾਮਲਿਆਂ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਔਕਾਫ਼ ਬੋਰਡ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਨੂੰ ਸੌਂਪੀ ਗਈ ਕਾਰ ਸੇਵਾ ਦਿੱਲੀ ਕਮੇਟੀ ਦੇ ਪ੍ਰਧਾਨ ਵਜੋਂ ਸੌਂਪੀ ਗਈ ਸੀ ਅਤੇ ਹੁਣ ਵੀ ਇਹ ਸੇਵਾ ਦਿੱਲੀ ਕਮੇਟੀ ਵੱਲੋਂ ਹੀ ਕਰਵਾਈ ਜਾਵੇਗੀ ਪਰ ਇਹ ਸ਼੍ਰੋਮਣੀ ਕਮੇਟੀ ਦੀ ਨਿਗਰਾਨੀ ਹੇਠ ਹੋਵੇਗੀ। ਪੰਜਾਬੀ ਫਿਲਮ ‘ਸਾਡਾ ਹੱਕ’ ਜਿਸ ਨੂੰ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ, ਬਾਰੇ ਗੱਲ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਇਹ ਫਿਲਮ ਪੰਜਾਬ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਹੋਣ ਕਾਰਨ ਉਪਜੀ ਸਥਿਤੀ ਦਾ ਸਿੱਟਾ ਹੈ। ਫਿਲਮ ਵਿਚ ਪੰਜਾਬ ਵਿਚ ਵਾਪਰੀ ਤ੍ਰਾਸਦੀ ਦਿਖਾਈ ਗਈ ਹੈ, ਜਿਸ ਲਈ ਕਾਂਗਰਸ ਜ਼ਿੰਮੇਵਾਰ ਸੀ। ਉਨ੍ਹਾਂ ਆਖਿਆ ਕਿ ਪੰਜਾਬੀਆਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕੀਤੇ ਜਾਣ, ਭਾਖੜਾ ਡੈਮ ਦਾ ਪ੍ਰਬੰਧ ਪੰਜਾਬ ਨੂੰ ਸੌਂਪਿਆ ਜਾਵੇ ਅਤੇ ਪਾਣੀਆਂ ਦਾ ਮਸਲਾ ਹੱਲ ਕੀਤਾ ਜਾਵੇ।
ਇਸ ਮੌਕੇ ਹਾਜ਼ਰ ਫਿਲਮ ‘ਸਾਡਾ ਹੱਕ’ ਦੇ ਲੇਖਕ, ਕਲਾਕਾਰ ਤੇ ਨਿਰਮਾਤਾ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿਖਾਈ ਦ੍ਰਿੜਤਾ ਕਾਰਨ ਹੀ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਜਾਰੀ ਕਰਨ ਲਈ ਹਰੀ ਝੰਡੀ ਦਿੱਤੀ ਹੈ। ਇਸ ਤੋਂ ਪਹਿਲਾਂ ਸੈਂਸਰ ਬੋਰਡ ਵੱਲੋਂ ਫਿਲਮ ’ਤੇ ਇਤਰਾਜ਼ ਲਾਇਆ ਗਿਆ ਸੀ। ਇਹ ਇਤਰਾਜ਼ ਜਾਚਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਫਿਲਮ ਨੂੰ ਮਾਨਤਾ ਦਿੰਦਿਆ ਸੈਂਸਰ ਬੋਰਡ, ਪ੍ਰਸਾਰਣ ਮੰਤਰਾਲੇ ਅਤੇ ਅਪੈਲੇਟ ਅਥਾਰਟੀ ਨੂੰ ਪੱਤਰ ਭੇਜ ਕੇ ਇਤਰਾਜ਼ ਖਤਮ ਕਰਨ ਬਾਰੇ ਅਪੀਲ ਕੀਤੀ ਸੀ। ਲਗਪਗ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਫਿਲਮ ਵਿਚ ਬੀਤੇ ਸਮੇਂ ਨੂੰ ਸਿੱਖ ਨਜ਼ਰੀਏ ਨਾਲ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਫਿਲਮ ਦੇਸ਼ ਦੇ ਨੀਤੀ ਘਾੜਿਆਂ ਲਈ ਸਿੱਖ ਸੰਘਰਸ਼ ਨੂੰ ਸਮਝਣ ਵਾਸਤੇ ਮਦਦਗਾਰ ਸਾਬਤ ਹੋਵੇਗੀ। ਪਰਿਵਾਰ ਨਾਲ ਹੱਡ ਵਾਪਰੀ ਅਤੇ ਖੋਜ ਦੇ ਆਧਾਰ ’ਤੇ ਬਣਾਈ ਗਈ ਇਸ ਫਿਲਮ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਚ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ। ਇਸ ਮੌਕੇ ਫਿਲਮ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ। ਇਸ ਮੌਕੇ ਫਿਲਮ ਦੇ ਕਲਾਕਾਰ ਤੇ ਹੋਰ ਅਮਲੇ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਵੀ ਹਾਜ਼ਰ ਹੋਏ।